ਬਲਪ੍ਰੀਤ ਚੈਰੀਟੇਬਲ ਟਰਸਟ ਵੱਲੋਂ ਲੋੜਵੰਦ ਬੱਚਿਆਂ ਨੂੰ ਸਰਦੀਆਂ ਦੀਆਂ ਬੂਟ-ਜੂਰਾਬਾਂ ਅਤੇ ਸਵੈਟਰ ਵੰਡੇ ਗਏ
*ਹਰ ਸਾਲ 5 ਤੋਂ 10 ਵਿਦਿਆਰਥੀਆਂ ਨੂੰ 2 ਲੱਖ ਤੱਕ ਦੀ ਸਕਾਰਸ਼ਿਪ ਮੁਹੱਈਆ ਕਰਵਾਈ ਜਾਂਦੀ ਹੈ - ਸੈਣੀ
ਮੋਗਾ,13 ਦਸੰਬਰ (ਜਸ਼ਨ) ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਬਲਪ੍ਰੀਤ ਚੈਰੀਟੇਬਲ ਟਰਸਟ (ਰਜਿ.) ਨੇ ਇਸ ਸਾਲ ਵੀ ਵੱਧਸੀ ਠੰਡ ਨੂੰ ਦੇਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁੱਟਰ ਕਲਾਂ ਵਿਖੇ ਲੋੜਵੰਦ ਬੱਚਿਆਂ ਨੂੰ ਸਰਦੀਆਂ ਦੀਆਂ ਬੂਟ ਜਰਾਬਾਂ ਅਤੇ ਸਵੈਟਰ ਵੰਡੇ ਗਏ। ਇਸ ਦੇ ਨਾਲ ਹੀ ਸੰਸਥਾ ਵੱਲੋਂ ਹਰ ਸਾਲ ਪੰਜ ਤੋਂ 10 ਲੋੜਵੰਦ ਵਿਦਿਆਰਥੀਆਂ ਨੂੰ 2 ਲੱਖ ਤੱਕ ਦੀ ਉਚੇਰੀ ਸਿੱਖਿਆ ਲਈ ਸਕਾਲਰਸ਼ਿਪ ਮੁਹਈਆ ਕਰਵਾਈ ਜਾਂਦੀ ਹੈ। ਲੋੜ ਅਨੁਸਾਰ ਸਕੂਲ ਦੇ ਸਾਜੋ ਸਮਾਨ ਲਈ ਵੀ ਸਹਾਇਤਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਲੋਕ ਭਲਾਈ ਦੇ ਮੰਤਵ ਲਈ ਕੁੱਝ ਲੋਕ ਨਿਸ਼ਕਾਮ ਅਤੇ ਨਿਰਸਵਾਰਥ ਕਾਰਜ ਕਰਨ ਹੇਤ ਇਕੱਠੇ ਮੈਦਾਨ ਵਿੱਚ ਨਿੱਤਰਦੇ ਹਨ, ਉਸਨੂੰ ਅਸੀਂ ਸਮਾਜ ਸੇਵਾ ਕਹਿ ਸਕਦੇ ਹਾਂ। ਲੋੜਵੰਦਾ ਨੂੰ ਤੁਰੰਤ ਲੋੜੀਂਦੀ ਸਹਾਇਤਾ ਮਹੱਇਆ ਕਰਨਾ ਹੀ ਇਨ੍ਹਾਂ ਦਾ ਮੁੱਖ ਮੰਤਵ ਹੁੰਦਾ ਹੈ। ਕੁੱਲੀ, ਗੁੱਲੀ ਤੇ ਜੁੱਲੀ ਹਰ ਸ਼ਖਸ ਦੀਆਂ ਮੁਢਲੀਆਂ ਜਰੂਰਤਾਂ ਹਨ ਜੋ ਜਿਊਂਦੇ ਰਹਿਣ ਵਾਸਤੇ ਇਕ ਖਾਸ ਘੱਟੋ-ਘੱਟ ਮਾਤਰਾ ਵਿੱਚ ਹੋਣੀਆਂ ਜਰੂਰੀ ਹਨ। ਮੁੱਢਲੀ ਸਿੱਖਿਆ ਤੇ ਸਿਹਤ ਪ੍ਰਾਪਤੀ ਦੇ ਮੁੱਢਲੇ ਅਧਿਕਾਰ ਸਰਕਾਰਾਂ ਮੁਹੱਈਆ ਕਰਵਾਉਂਦੀਆਂ ਹਨ। ਸਮਾਜਿਕ ਕਾਰਜ ਨੂੰ ਲੋਕ ਭਲਾਈ ਅਤੇ ਸੇਵਾ ਦੇ ਕੰਮ ਦੇ ਤੌਰ ਤੇ ਸੰਸਥਾ ਨਿਭਾਉਂਦੀਆਂ ਹਨ ਅਜਿਹਾ ਹੀ ਕਾਰਜ ਬਲਪ੍ਰੀਤ ਚੈਰੀਟੇਬਲ ਟਰਸਟ ਦੇ ਚੇਅਰਮੈਨ ਉਘ੍ਹੇ ਕਾਰੋਬਾਰੀ ਐੱਨ.ਆਰ.ਆਈ. ਸਰਦਾਰ ਨਛੱਤਰ ਸਿੰਘ ਕੁੰਨਰ ਵੱਲੋਂ ਉਪਰਾਲਾ ਕੀਤਾ ਗਿਆ। ਜੋ ਕਿ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸੰਸਥਾ ਦੇ ਮੈਂਬਰ ਡਾ. ਸੰਜੀਵ ਕੁਮਾਰ ਸੈਣੀ, ਇੰਦਰਪਾਲ ਸਿੰਘ ਬੱਬੀ, ਪਰਮਪਾਲ ਸਿੰਘ ਮਿੰਟਾ, ਇਸ ਤੋਂ ਇਲਾਵਾ ਪਰਮਜੀਤ ਸਿੰਘ ਸਿੱਧੂ ਝੂੰਦਾ, ਪ੍ਰਦੀਪ ਕੁਮਾਰ ਸ਼ਰਮਾ ਜੱਗੀ, ਸਤਨਾਮ ਸਿੰਘ, ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ। ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਵੱਲੋਂ ਬਲਪ੍ਰੀਤ ਚੈਰੀਟੇਬਲ ਟਰਸਟ ਦਾ ਧੰਨਵਾਦ ਕਰਦਿਆਂ ਕਿਹਾ ਵੈਸੇ ਸੁੱਚੀ ਤੇ ਸਚਿਆਰ ਬੁੱਧੀ ਵਾਲੇ ਲੋਕ ਅੱਜ ਕੱਲ ਵਿਰਲੇ ਹੀ ਲੱਭਦੇ ਹਨ। ਜਿਹੜੇ ਸਾਰੇ ਗੁਰੂਆਂ ਦੀ ਬਖਸ਼ੀ ਸੇਧ ਅਨੁਸਾਰ ਨਿਸ਼ਕਾਮ ਸੇਵਾ ਵਿੱਚ ਜੁਟੇ ਹੋਏ ਹਨ ਤੇ ਹਰ ਪ੍ਰਕਾਰ ਦੀਆਂ ਚੁਣੌਤੀ ਦਾ ਸਾਹਮਣਾ ਕਰਨ ਦੇ ਕਾਬਲ ਹਨ ਤੇ ਕਰ ਵੀ ਰਹੇ ਹਨ। ਉਹ ਚੁਣੌਤੀ ਨੂੰ ਮੌਕੇ ਵਾਂਗ ਲੈਂਦੇ ਹਨ ਅਤੇ ਇਵਜ ਵਜੋਂ ਕਿਸੇ ਫਲ ਦੀ ਇੱਛਾ ਨਹੀਂ ਰੱਖਦੇ।