ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਾਈਕਲ ਰੈਲੀ 21 ਨਵੰਬਰ ਨੂੰ ਪਹੁੰਚੇਗੀ ਮੋਗਾ

ਮੋਗਾ, 17 ਨਵੰਬਰ: (ਜਸ਼ਨ) ਦੇਸ਼ ਭਰ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ, 2023 ਨੂੰ ਮਨਾਇਆ ਜਾਂਦਾ ਹੈ ਤਾਂ ਕਿ ਸ਼ਹੀਦਾਂ ਅਤੇ ਵਰਦੀ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ ਜਾ ਸਕੇ, ਜਿਹਨਾਂ ਨੇ ਦੇਸ਼ ਦੀ ਇੱਜਤ ਦੀ ਰਾਖੀ ਲਈ ਸਰਹੱਦਾਂ ਤੇ ਬਹਾਦਰੀ ਨਾਲ ਲੜਿਆ ਅਤੇ ਲੜਨਾ ਜਾਰੀ ਰੱਖਿਆ। ਸੈਨਿਕ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਸੰਪਤੀ ਵਿੱਚੋਂ ਇੱਕ ਹੁੰਦੇ ਹਨ। ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਵੀ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਰਾਜ ਭਰ ਵਿੱਚ ਝੰਡਾ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਫੌਜ਼ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਹਿੱਤ ਇੱਕ ਸਾਈਕਲ ਰੈਲੀ ਆਯੋਜਿਤ ਕੀਤੀ ਗਈ ਹੈ। ਇਸ ਸਾਈਕਲ ਰੈਲੀ ਨੂੰ 7 ਨਵੰਬਰ ਤੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾ ਚੁੱਕਾ ਹੈ।  
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਮਿਤੀ 21 ਨਵੰਬਰ ਨੂੰ ਲੁਧਿਆਣਾ ਜ਼ਿਲ੍ਹੇ ਤੋਂ ਚੱਲ ਕੇ ਨੇੜੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਸਿੰਘ ਪਰਮਵੀਰ ਚੱਕਰ ਵਿਜੇਤਾ ਦੇ ਬੁੱਤ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਸਥਿਤ ਹੈ, ਵਿਖੇ ਪਹੁੰਚੇਗੀ ਅਤੇ ਮਿਤੀ 22 ਨਵੰਬਰ ਨੂੰ ਫਿਰੋਜ਼ਪੁਰ ਵਿਖੇ ਸਵੇਰੇ 8 ਵਜੇ ਰਵਾਨਾ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਦੌਰਾਨ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਸਾਈਕਲ ਰੈਲੀ ਦੇ ਭਾਗੀਦਾਰਾਂ ਦਾ ਪੂਰੇ ਜ਼ੋਸ਼ ਨਾਲ ਮੋਗਾ ਵਿਖੇ ਸਵਾਗਤ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਇਹ ਸੂਬਾ ਪੱਧਰੀ ਸਾਈਕਲ ਰੈਲੀ ਹਥਿਆਰਬੰਦ ਸੈਨਾ ਨੂੰ ਸ਼ਰਧਾਂਜਲੀ ਦੇਣ ਲਈ ਕਾਰਗਰ ਸਾਬਿਤ ਹੋਵੇਗੀ।