ਸੁਮਨ ਸੇਖੋਂ ਨੇ ਰਾਜ ਪੱਧਰ ਦੇ "ਖੇਡਾਂ ਵਤਨ ਪੰਜਾਬ ਦੀਆਂ" ਖੇਡ ਮੁਕਾਬਲਿਆਂ ਵਿੱਚ ਜਿੱਤਿਆ ਗੋਲਡ ਮੈਡਲ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕੀਤਾ ਸਨਮਾਨਿਤ

ਮੋਗਾ 27 ਅਕਤੂਬਰ: (ਜਸ਼ਨ): ਪੰਜਾਬ ਸਰਕਾਰ "ਖੇਡਾਂ ਵਤਨ ਪੰਜਾਬ ਦੀਆਂ" ਸੀਜ਼ਨ 2 ਜਰੀਏ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜਿੱਥੇ ਵਧੀਆ ਮਹੌਲ ਦੇ ਰਹੀ ਹੈ ਉਥੇ ਇਹਨਾਂ ਖੇਡਾਂ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਦੀ ਰਾਸ਼ੀ ਨਾਲ ਵੀ ਸਨਮਾਨਿਤ ਕਰ ਰਹੀ ਹੈ। ਸਰਕਾਰ ਖਿਡਾਰੀਆਂ ਦੀ ਕਦਰਦਾਨ ਹੈ ਅਤੇ ਨਸ਼ਿਆਂ ਤੋਂ ਰੋਕਣ ਲਈ ਵੀ ਇਹ ਇੱਕ ਚੰਗਾ ਉਪਰਾਲਾ ਸਿੱਧ ਹੋਇਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਅੱਜ ਧਰਮਕੋਟ ਦੀ ਵਸਨੀਕ ਖਿਡਾਰਨ ਸੁਮਨ ਸੇਖੋਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਸੁਮਨ ਸੇਖੋਂ ਨੇ ਹਾਲ ਹੀ ਵਿੱਚ ਹੋਏ "ਖੇਡਾਂ ਵਤਨ ਪੰਜਾਬ ਦੀਆਂ"  ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਪਾਵਰਲਿੰਫਟਿੰਗ ਖੇਡ  52 ਕਿੱਲੋ ਭਾਰ ਵਰਗ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ।ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕਰਕੇ ਉਸਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਆਪਣੀ ਮਿਹਨਤ ਨੂੰ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ। ਸੁਮਨ ਸੇਖੋਂ ਨੇ ਦੱਸਿਆ ਕਿ ਕੋਚ ਜਗਦੀਪ ਸ਼ੇਖੋ ਦੀ ਅਗਵਾਈ ਹੇਠ ਉਸਨੂੰ ਇਹ ਪੁਜੀਸ਼ਨ ਹਾਸਲ ਕਰਨ ਵਿੱਚ ਸਫ਼ਲਤਾ ਮਿਲੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸਨੂੰ ਹੁਣ ਨਕਦ ਇਨਾਮ ਰਾਸ਼ੀ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਵੀ ਉਸਦਾ ਇਸ ਖੇਤਰ ਵਿੱਚ ਅੱਗੇ ਵਧਣ ਲਈ ਹਰ ਤਰ੍ਹਾਂ ਦਾ ਸਾਥ ਦਿੱਤਾ ਜਾਵੇਗਾ।ਸੁਮਨ ਸੇਖੋਂ ਨੇ ਦੱਸਿਆ ਕਿ ਉਸਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਮੋਗਾ ਜੀ ਵੱਲੋਂ ਉਸਨੂੰ ਉਸਦੀ ਇਸ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਨਾਲ ਉਸਦੇ ਇਸ ਖੇਤਰ ਵਿੱਚ ਅੱਗੇ ਵਧਣ ਦੇ ਜਜ਼ਬੇ ਵਿੱਚ ਵੀ ਵਾਧਾ ਹੋਇਆ ਹੈ।