ਪੰਜਾਬੀ ਸਾਹਿਤ ਅਕਾਡਮੀ ਦੇ 28 ਅਕਤੂਬਰ ਨੂੰ ਸਿਰਸਾ ਵਿਖੇ ਹੋਣ ਵਾਲੇ ਰਾਸ਼ਟਰੀ ਸੈਮੀਨਾਰ ਦੀਆਂ ਤਿਆਰੀਆਂ ਸੰਪੂਰਨ
ਸਿਰਸਾ: 26 ਅਕਤੂਬਰ: ( ਸਤੀਸ਼ ਬਾਂਸਲ )ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 28 ਅਕਤੂਬਰ ਨੂੰ ਪੰਚਾਇਤ ਭਵਨ, ਸਿਰਸਾ ਵਿਖੇ ਕਰਵਾਏ ਜਾ ਰਹੇ ਰਾਸ਼ਟਰੀ ਸੈਮੀਨਾਰ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹਨਾਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਅਤੇ ਸੈਮੀਨਾਰ ਦੇ ਕਨਵੀਨਰ ਡਾ: ਹਰਵਿੰਦਰ ਸਿੰਘ ਸਿਰਸਾ ਤੇ ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਕੱਤਰ ਸੁਰਜੀਤ ਸਿਰੜੀ ਨੇ ਦੱਸਿਆ ਕਿ 'ਸਮਕਾਲ ਅਤੇ ਪੰਜਾਬੀ ਸਾਹਿਤ' ਨਾਲ ਸਬੰਧਤ ਇਸ ਕੌਮੀ ਸੈਮੀਨਾਰ ਵਿਚ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ 'ਸਮਕਾਲ ਵਿੱਚ ਲੇਖਕ ਦੀ ਸਮਾਜਕ ਜਵਾਬਦੇਹੀ' ਵਿਸ਼ੇ 'ਤੇ ਸੈਮੀਨਾਰ ਦਾ ਮੁੱਖ ਸੁਰ ਭਾਸ਼ਣ ਪੇਸ਼ ਕਰਨਗੇ। ਇਸ ਸੈਮੀਨਾਰ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਸਰਬਜੀਤ ਸਿੰਘ ‘ਪੰਜਾਬੀ ਸਮਾਜ, ਇਤਿਹਾਸਕ ਵੰਗਾਰਾਂ ਅਤੇ ਸਾਹਿਤ’ ਵਿਸ਼ੇ ‘ਤੇ, ਗੁਰੂ ਹਰਗੋਬਿੰਦ ਪੀ.ਜੀ.ਕਾਲਜ, ਸ੍ਰੀ ਗੰਗਾਨਗਰ ਦੇ ਪ੍ਰਿੰਸੀਪਲ ਡਾ: ਸੰਦੀਪ ਸਿੰਘ ਮੁੰਡੇ 'ਰਾਜਸਥਾਨ: ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰਕ ਸੰਦ੍ਰਿਸ਼' ਵਿਸ਼ੇ 'ਤੇ, ਪ੍ਰਸਿੱਧ ਸ਼ਾਇਰ ਅਤੇ ਪ੍ਰਬੁੱਧ ਚਿੰਤਕ ਡਾ. ਰਤਨ ਸਿੰਘ ਢਿੱਲੋਂ 'ਹਰਿਆਣਾ: ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰਕ ਸੰਦ੍ਰਿਸ਼' ਵਿਸ਼ੇ 'ਤੇ ਅਤੇ ਹਰਿਆਣਾ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਸੁਭਾਸ਼ ਮਾਨਸਾ 'ਸਭਿਆਚਾਰਕ ਅੰਤਰ ਸੰਵਾਦ ਅਤੇ ਹਰਿਆਣੇ ਦਾ ਪੰਜਾਬੀ ਸਾਹਿਤ' ਵਿਸ਼ੇ 'ਤੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਛਿੰਦਰ ਕੌਰ ਸਿਰਸਾ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਭਰ ਜੋਬਨ ਬੰਦਗੀ', ਡਾ. ਕੁਲਵਿੰਦਰ ਸਿੰਘ ਪਦਮ ਦੇ ਨਵ-ਪ੍ਰਕਾਸ਼ਿਤ ਨਾਟਕ 'ਕੂਕਦੀ ਕੂੰਜ' ਅਤੇ ਡਾ. ਮੰਗਲ ਸਿੰਘ ਰਤੀਆ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਸੁਲਗਦੇ ਦਰਿਆ' ਨੂੰ ਵੀ ਲੋਕ-ਅਰਪਿਤ ਕੀਤਾ ਜਾਏਗਾ। ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਕਰਨਗੇ। ਸੈਮੀਨਾਰ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ, ਖੋਜ-ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਾਧਿਆਪਕਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ-ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਮੀਤ-ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ, ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਸਕੱਤਰ ਸੁਰਜੀਤ ਸਿਰੜੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਭਨਾਂ ਪ੍ਰਬੁੱਧਜਨਾਂ ਨੂੰ ਪੰਚਾਇਤ ਭਵਨ, ਸਿਰਸਾ ਵਿਖੇ 28 ਅਕਤੂਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਕੌਮੀ ਸੈਮੀਨਾਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਸ਼ਾਨਾਮੱਤੀ ਹਾਜ਼ਰੀ ਦਰਜ਼ ਕਰਵਾਉਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਹੈ। ਇਸ ਬੈਠਕ ਵਿਚ ਕੁਲਵੰਤ ਸਿੰਘ, ਹਰਭਜਨ ਬੇਦੀ, ਡਾ. ਲਖਵੀਰ ਸਿੰਘ, ਡਾ. ਹਰਵਿੰਦਰ ਸਿੰਘ ਸਿਰਸਾ, ਸੁਰਜੀਤ ਸਿਰੜੀ, ਪਰਮਾਨੰਦ ਸ਼ਾਸਤਰੀ, ਰਮੇਸ਼ ਸ਼ਾਸਤਰੀ, ਪ੍ਰਕਾਸ਼, ਸੁਰੇਸ਼ ਬਰਨਵਾਲ, ਨਵਨੀਤ ਸਿੰਘ ਰੈਣੂ, ਅਮਰਜੀਤ ਸਿੰਘ ਸੰਧੂ, ਅਨੀਸ਼ ਕੁਮਾਰ ਆਦਿ ਸ਼ਾਮਿਲ ਹੋਏ।