ਮੋਗਾ ‘ਚ ਮੰਤਰੀ ਸ਼੍ਰੀਨਿਵਾਸਲੂ, ਜਨਰਲ ਸਕੱਤਰ ਭਾਜਪਾ ਪੰਜਾਬ ਅਤੇ ਚੰਡੀਗੜ੍ਹ ਦੀ ਅਗਵਾਈ ਵਿਚ ਤਿੰਨ ਲੋਕ ਸਭਾ ਹਲਕਿਆਂ ਦੀਆਂ ਕੋਰ ਕਮੇਟੀ ਦੀਆਂ ਹੋਈਆਂ ਮੀਟਿੰਗਾਂ

*ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕੀਤੀ ਪ੍ਰੈਸ ਕਾਨਫਰੰਸ

ਮੋਗਾ, 21 ਅਕਤੂਬਰ (ਜਸ਼ਨ): ਅੱਜ ਮੋਗਾ ‘ਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਲੀ ਵੱਲੋਂ ਭਾਜਪਾ ਦੇ ਮਹਾਂਮੰਤਰੀ ਸ਼੍ਰੀਨਿਵਾਸਲੂ ਦੀ ਅਗਵਾਈ ਵਿਚ ਤਿੰਨ ਲੋਕ ਸਭਾ ਹਲਕਿਆਂ ਦੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ।  ਮੀਟਿੰਗ ਦੌਰਾਨ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸਾਬਕਾ ਚੇਅਰਮੈਨ ਘੱਟ ਗਿਣਤੀਆਂ ਸ. ਮਨਜੀਤ ਸਿੰਘ ਰਾਏ , ਸਾਬਕਾ ਵਿਧਾਇਕ ਡਾ: ਹਰਜੋਤ ਕਮਲ ,  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ:ਸੀਮਾਂਤ ਗਰਗ ਆਦਿ ਆਗੂ ਹਾਜ਼ਰ ਸਨ।

ਮੀਟਿੰਗ ਉਪਰੰਤ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ , ਫਰੀਦਕੋਟ , ਸ਼੍ਰੀ ਖਡੂਰ ਸਾਹਿਬ ਅਤੇ  ਫਿਰੋਜ਼ਪੁਰ ਲੋਕ  ਸਭਾ ਹਲਕਿਆਂ ਦੀਆਂ ਮੀਟਿੰਗਾਂ ਬੁਲਾਈਆਂ ਗਈਆਂ ਸਨ। ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ 10 ਲੋਕ ਸਭਾ ਹਲਕਿਆਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਸਨ ਅਤੇ ਅੱਜ ਤਿੰਨ ਲੋਕ ਸਭਾ ਹਲਕਿਆਂ ਦੀਆਂ ਮੀਟਿੰਗਾਂ ਕਰਨ ਉਪਰੰਤ ਇਹ ਕੁੱਲ 13 ਲੋਕ ਸਭਾ ਹਲਕਿਆਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸਮਾਪਤ ਹੋ ਗਿਆ ਹੈ। ਸੁਭਾਸ਼ ਸ਼ਰਮਾ ਨੇ ਆਖਿਆ ਕਿ ਪੰਜਾਬ ਵਿਚ ਜਿਸ ਤਰਾਂ ਦਾ ਸਮਰਥਨ ਅਤੇ ਹੁੰਗਾਰਾ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਹੈ ਪਾਰਟੀ 13 ਦੀਆਂ 13 ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂਨੂੰ ਖੜ੍ਹਾ ਕਰੇਗੀ , ਜਿਸ ਲਈ ਸਾਰਾ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ।  
ਉਹਨਾਂ ਆਖਿਆ ਕਿ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਲਈ ਬੂਥ ਲੈਵਲ ਤੱਕ ਪਾਰਟੀ ਨੂੰ ਸੰਗਠਿਤ ਕਰਨ ਲਈ ਅਗਲੇ ਹਫ਼ਤੇ ਤੋਂ ਵਿਧਾਨ ਸਭਾ ਹਲਕਿਆਂ ਦੀਆਂ ਮੀਟਿੰਗਾਂ ਕਰਨ ਜਾ ਰਹੇ ਹਾਂ।
ਉਹਨਾਂ ਆਖਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੋ ਮੁੱਦਿਆਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ , ਪਹਿਲਾਂ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ, ਵਪਾਰੀਆਂ , ਮਜ਼ਦੂਰਾਂ ਅਤੇ ਆਮ ਲੋਕਾਂ ਲਈ ਕੀਤੇ ਕਲਿਆਣਕਾਰੀ ਕਾਰਜਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਾ ਅਤੇ ਦੂਜਾ,  ਦੇਸ਼ ਦੀ ਅਰਥ ਵਿਵਸਥਾ ਦੁਨੀਆਂ ਦੀ  ਪੰਜਵੀਂ ਵੱਡੀ ਆਰਥ ਵਿਵਸਥਾ ਵਜੋਂ ਉੱਭਰ ਕੇ ਸਾਹਮਣੇ ਆਉਣ ਬਾਰੇ ਚਰਚਾਵਾਂ ਕਰਨਾ ਸ਼ਾਮਲ ਹੈ।  

ਸੁਭਾਸ਼ ਸ਼ਰਮਾ  ਨੇ ਸੂਬਾ ਸਰਕਾਰ ਦੀਆਂ ਨਾਕਾਮੀਆਂ ’ਤੇ ਬੋਲਦਿਆਂ ਆਖਿਆ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਜਿਸ ਵਾਅਦੇ ਨਾਲ ਪੰਜਾਬ ਦੀ ਸੱਤਾ ’ਚ ਆਈ ਸੀ , ਉਹ ਉਸ ’ਤੇ ਖਰ੍ਹੀ ਨਹੀਂ ਉੱਤਰੀ ਅਤੇ ਅੱਜ ਸੂਬੇ ਦੇ ਹਾਲਾਤ ਬੱਦ ਤੋਂ ਬਦਤਰ ਬਣੇ ਹੋਏ ਹਨ। ਉਹਨਾਂ ਆਖਿਆ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰਾਂ ਚਰਮਰਾ ਗਈ ਹੈ, ਨਿੱਤ ਦਿਨ ਚੋਰੀਆਂ ਡਕੈਤੀਆਂ ਅਤੇ ਕਤਲੋਗਾਰਤ ਹੋ ਰਹੀ ਹੈ ਅਤੇ ਨਿੱਤ ਦਿਨ ਰੰਗਦਾਰੀਆਂ ਵਰਗੇ ਅਪਰਾਧ ਵੱਧ ਰਹੇ ਹਨ । ਉਹਨਾਂ ਆਖਿਆ ਕਿ ਸੂਬੇ ਦੇ ਇਹਨਾਂ ਹਾਲਾਤਾਂ ਵਿਚ ਸੂਬਾ ਸਰਕਾਰ ਚੁੱਪ ਧਾਰੀ ਬੈਠੀ ਹੈ। ਉਹਨਾਂ ਆਖਿਆ ਕਿ ਸੂਬਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਪੰਜਾਬ ਵਿਚ ਉਦਯੋਗ ਲਗਾਏ ਜਾਣਗੇ ਪਰ ਜੋ ਪੰਜਾਬ ਦਾ ਵਪਾਰੀ ਹੈ ਉਹ ਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਿਆਂ ਇੱਥੋਂ ਜਾਣ ਬਾਰੇ ਸੋਚ ਰਹੇ ਹਨ।
ਉਹਨਾਂ ਆਖਿਆ ਕਿ ਪੰਜਾਬ ਦਾ ਨੌਜਵਾਨ ਵਰਗ ਨਿਰਾਸ਼ਾ ਦੇ ਆਲਮ ਵਿਚ ਹੈ ਅਤੇ ਬਹੁਤੇ ਤਾਂ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ।
ਸੁਭਾਸ਼ ਸ਼ਰਮਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਨੂੰ ਸੱਤਾ ਵਿਚ ਆਉਣ ਤੋਂ ਤਿੰਨ ਮਹੀਨਿਆਂ ਵਿਚ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਹਾਲਾਤ ਕੁਝ ਹੋਰ ਬਿਆਨ ਕਰ ਰਹੇਹਨ। ਉਹਨਾਂ ਆਖਿਆ ਕਿ ਚਾਹੇ ਭੂਮੀ ਖਣਨ ਦੀ ਗੱਲ ਕਰ ਲਈਏ , ਅਜਿਹਾ ਵਰਤਾਰਾ ਪਹਿਲਾਂ ਨਾਲੋਂ ਘੱਟਣ ਦੀ ਬਜਾਏ ਹੋਰ ਵੱਧ ਗਿਆ ਹੈ ਅਤੇ ਇੱਥੋਂ ਤੱਕ ਕਿ ਮਾਈਨਿੰਗ ਦੇ ਮੱਸਲੇ ‘ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਕਾਲੀਆਂ ਅਤੇ ਕਾਂਗਰਸੀਆਂ ਦੇ ਰਾਜ ਦੇ ਵੀ ਰਿਕਾਰਡ ਤੋੜ ਦਿੱਤੇ ਨੇ।  
ਸੁਭਾਸ਼ ਸ਼ਰਮਾ  ਨੇ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਗੱਲ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਨੇ 50 ਹਜ਼ਾਰ ਕਰੋੜ ਦਾ ਕਰਜ਼ਾ ਮਹਿਜ਼ ਡੇਢ ਪੌਣੇ ਦੋ ਸਾਲ ਦੇ ਕਾਰਜਕਾਲ ਵਿਚ ਹੀ ਚੜ੍ਹਾ ਦਿੱਤਾ ਹੈ , ਜੋ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ ਹੈ ।
 
ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਬੋਲਦਿਆਂ ਸੁਭਾਸ਼ ਸ਼ਰਮਾ ਨੇ ਆਖਿਆ ਕਿ ਜਿਸ ਤਰਾਂ ਸੂਬਾ ਸਰਕਾਰ ਨੂੰ ਪਾਣੀਆਂ ਦੇ ਮੁੱਦੇ ’ਤੇ ਸੁਪਰੀਮ ਕੋਰਟ ‘ਚ ਪੱਖ ਰੱਖਣਾ ਚਾਹੀਦਾ ਸੀ ਉਸ ਤਰਾਂ ਉਹ ਨਹੀਂ ਰੱਖ ਸਕੇ।  ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਪਾਰਟੀਆਂ ਨਾਲ ਮਿਲ ਕੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਵੱਲ ਕਦਮ ਵਧਾਉਣੇ ਚਾਹੀਦੇ ਹਨ ਪਰ ਉਹ ਕਦੇ ਰਾਜਪਾਲ ਖਿਲਾਫ਼ ਅਤੇ ਕਦੇ ਵਿਰੋਧੀਆਂ ਖਿਲਾਫ਼ ਮੁੱਦੇ ਖੜ੍ਹੇ ਕਰਨ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ। ਉਹਨਾਂ ਆਖਿਆ ਕਿ ਮੁੱਖ ਮੰਤਰੀ ਟਕਰਾਓ ਦੀ ਰਾਜਨੀਤੀ ਕਰ ਰਹੇ ਹਨ ਜਦਕਿ ਪੰਜਾਬ ਦੇ ਮਸਲੇ ਹੋਰ ਹਨ।