ਪ੍ਰਿੰ: ਅਵਤਾਰ ਸਿੰਘ ਕਰੀਰ ਦੀ ਮਾਤਾ ਨਮਿੱਤ ਭੋਗ ਅੱਜ
* ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਦੀ ਮਾਤਾ ਨਮਿੱਤ ਅੰਤਿਮ ਅਰਦਾਸ ਅੱਜ 21 ਅਕਤੂਬਰ ਨੂੰ
ਮੋਗਾ, 20 ਅਕਤੂਬਰ (ਜਸ਼ਨ) : ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਦੇ ਪੂਜਨੀਕ ਮਾਤਾ ਸਰਦਾਰਨੀ ਮਨਜੀਤ ਕੌਰ ਪਤਨੀ ਸਵਰਗੀ ਗਿਆਨ ਸਿੰਘ ਪਿੱਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਉਹਨਾਂ ਨਮਿੱਤ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 21 ਅਕਤੂਬਰ ਦਿਨ ਸ਼ਨੀਵਾਰ ਨੂੰ 12.30 ਤੋਂ 1.30 ਵਜੇ ਤੱਕ ਗੁਰਦਆਰਾ ਸ਼੍ਰੀ ਨਾਮਦੇਵ ਭਵਨ ਅਕਾਲਸਰ ਰੋਡ (ਮੋਗਾ) ਵਿਖੇ ਹੋਵੇਗੀ।
86 ਵਰਿ੍ਹਆਂ ਦੇ ਮਾਤਾ ਮਨਜੀਤ ਕੌਰ ਦਾ ਜਨਮ 1937 ‘ਚ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ । ਆਪ ਜੀ ਨੇ ਭਾਂਵੇਂ ਅੱਠਵੀਂ ਤੱਕ ਦੀ ਸਿੱਖਿਆ ਹਾਸਲ ਕੀਤੀ ਪਰ ਆਪਣੀ ਮਿਹਨਤ ਅਤੇ ਦ੍ਰਿੜ ਵਿਸ਼ਵਾਸ਼ ਰੱਖਦਿਆਂ ਜ਼ਿੰਦਗੀ ਨੂੰ ਨਾ ਸਿਰਫ਼ ਸੋਹਣੇ ਤਰੀਕੇ ਨਾਲ ਜੀਵਿਆ ਬਲਕਿ ਆਪਣੇ 6 ਪੁੱਤਰਾਂ ਅਤੇ ਇਕ ਧੀ ਨੂੰ ਉੱਚ ਕੋਟਿ ਦੀ ਸਿੱਖਿਆ ਦਿੱਤੀ। ਮਾਤਾ ਮਨਜੀਤ ਕੌਰ ਦੇ ਸੁਚੱਜੇ ਜੀਵਨ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਮਾਤਾ ਜੀ ਦੇ ਚਾਰ ਪੁੱਤਰ ਅਤੇ ਇਕ ਧੀ ਡਾਕਟਰੀ ਪੇਸ਼ੇ ਨਾਲ ਜੁੜੇ ਹਨ ਜਦਕਿ ਦੋ ਪੁੱਤਰ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਸਮੇਤ ਦੋ ਪੁੱਤਰ ਅਧਿਆਪਨ ਦੀ ਸੇਵਾ ਨਿਭਾਅ ਰਹੇ ਹਨ। ਮਾਤਾ ਜੀ ਦੀਆਂ ਘਾਲਣਾਵਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਪੌਤਰੇ ਵੀ ਡਾਕਟਰੀ ਪੇਸ਼ੇ ਨਾਲ ਜੁੜੇ ਜਦਕਿ ਇਕ ਪੋਤਰਾ ਵਕੀਲ ਹੈ। ਕਰੀਰ ਪਰਿਵਾਰ ਦੇ 21 ਜੀਅ ਡਾਕਟਰੀ ਪੇਸ਼ੇ ਨਾਲ ਜੁੜੇ ਹਨ ਅਤੇ ਉਹ ਆਪਣੀ ਕਾਬਲੀਅਤ ਸਦਕਾ ਆਪਣੇ ਵੱਡੇ ਵਡੇਰਿਆਂ ਦੀ ਸ਼ਾਨ ਵਿਚ ਵਾਧਾ ਕਰ ਰਹੇ ਹਨ। ਮਾਤਾ ਮਨਜੀਤ ਕੌਰ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਅਤੇ ਉਹਨਾਂ ਦੀ ਇੱਛਾ ਰਹੀ ਕਿ ਉਹ ਤੁਰਦੇ ਫਿਰਦੇ ਹੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਅਤੇ ਵਾਹਿਗੁਰੂ ਦੇ ਹੁਕਮ ਮੁਤਾਬਕ ਅਤੇ ਉਹਨਾਂ ਦੀ ਇੱਛਾ ਮੁਤਾਬਕ ਉਹ 12 ਅਕਤੂਬਰ ਨੂੰ ਤੁਰਦੇ ਫਿਰਦੇ ਹੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ।