ਗੋਲੀਬਾਰੀ ‘ਚ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦੇ ਸਰਪੰਚ ਅਤੇ ਮੈਂਬਰ ਪੰਚਾਇਤ ਦੀ ਮੌਤ

Tags: 

ਮੋਗਾ, 20 ਅਕਤੂਬਰ (ਜਸ਼ਨ): ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ ਨਾਲ ਸਰਪੰਚ ਵੀਰ ਸਿੰਘ ਅਤੇ ਉਸ ਦੇ ਸਾਥੀ ਮੈਂਬਰ ਪੰਚਾਇਤ ਰਣਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਇਸ ਘਟਨਾ ਵਿਚ 2 ਹੋਰ ਵਿਅਕਤੀ ਜਖ਼ਮੀ ਹੋ ਗਏ।
 ਇਹ ਘਟਨਾ ਅੱਜ ਸਵੇਰ ਸਮੇਂ ਵਾਪਰੀ ਜਦੋਂ ਖੋਸਾ ਕੋਟਲਾ ਦੇ ਸਰਪੰਚ ਆਪਣੇ ਸਾਥੀ ਪੰਚਾਇਤ ਮੈਂਬਰ ਨਾਲ ਕੋਟਈਸੇ ਖਾਂ ਅਤੇ ਘਲੋਟੀ ਵਾਲੀ ਨਹਿਰ ਵੱਲ ਸੈਰ ਕਰਨ ਜਾ ਰਹੇ ਸਨ ।ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ‘ਚ ਮੌਜੂਦਾ ਪੰਚਾਇਤ ਮੈਂਬਰ ਵੀ ਸੀ ਅਤੇ ਉਸ ਦਾ ਸਰਪੰਚ ਵੀਰ ਸਿੰਘ ਨਾਲ ਕੁਝ ਸਮੇਂ ਤੋਂ ਤਕਰਾਰ ਚੱਲ ਰਿਹਾ ਸੀ ।
ਬੀਤੀ ਰਾਤ ਸੋਸ਼ਲ ਮੀਡੀਆ ’ਤੇ ਕਿਸੇ ਰਿਕਾਡਿਡ ਅਵਾਜ਼ ਦੇ ਵਾਇਰਲ ਹੋਣ ਉਪਰੰਤ ਦੋਨੋਂ ਧਿਰਾਂ ਵਿਚ ਇਹ ਤਕਰਾਰ ਵੱਧ ਗਿਆ ਸਮਝਿਆ ਜਾ ਰਿਹਾ  ਹੈ, ਜਿਸ ਕਾਰਨ ਅੱਜ ਦੀ ਇਹ ਘਟਨਾ ਵਾਪਰੀ।ਜਾਣਕਾਰੀ ਮੁਤਾਬਕ 66 ਸਾਲਾ ਕਾਂਗਰਸੀ ਸਰਪੰਚ ਵੀਰ ਸਿੰਘ ਸਾਬਕਾ ਫੌਜੀ ਸਨ ਅਤੇ ਮਿ੍ਰਤਕ ਪੰਚਾਇਤ ਮੈਂਬਰ ਰਣਜੀਤ ਸਿੰਘ 30 ਸਾਲ ਦਾ ਸੀ।ਜ਼ਿਕਰਯੋਗ ਹੈ ਕਿ ਸਰਪੰਚ ਵੀਰ ਸਿੰਘ ਪਿੰਡ ਦੇ ਸਰਕਾਰੀ ਸਕੂਲ ‘ਚ ਐੱਸ ਐੱਮ ਸੀ ਦੇ ਚੇਅਰਮੈਨ ਸਨ ਅਤੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਹਨਾਂ ਨੂੰ ਖੇਡ ਗਰਾਊਂਡਾਂ ਨਾਲ ਜੋੜਨ ਲਈ ਯਤਨ ਕਰਦੇ ਰਹਿੰਦੇ ਸਨ।ਘਟਨਾ ਉਪਰੰਤ ਜ਼ਿਲ੍ਹਾ ਪੁਲਿਸ ਮੁੱਖੀ ਜੇ ਏਲੀਚੇਜ਼ੀਅਨ ਸਿਵਲ ਹਸਪਤਾਲ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਦੋ ਧਿਰਾਂ ਦੀ ਆਪਸੀ ਜੰਜਿਸ਼ ਕਾਰਨ ਵਾਪਰੀ ਘਟਨਾ ਵਿਚ ਸਰਪੰਚ ਵੀਰ ਸਿੰਘ ਅਤੇ ਮੈਂਬਰ ਪੰਚਾਇਤ ਰਣਜੀਤ ਸਿੰਘ ਦੀ ਮੌਤ ਹੋਈ ਹੈਅਤੇ ਦੋ ਵਿਅਕਤੀ ਹੋਰ ਜ਼ਖਮੀ ਹੋਏ ਹਨ ਜਿਹਨਾਂ ਵਿਚੋਂ ਇਕ ਸਰਕਾਰੀ ਹਸਪਤਾਲ ਅਤੇ ਦੂਜਾ ਨਿੱਜੀ ਹਸਪਤਾਲ ਵਿਚ ਦਾਖਲ ਹੈ। ਉਹਨਾਂ ਆਖਿਆ ਕਿ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।