ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਬੱਡੀ ਟੂਰਨਾਮੈਂਟ 2023-24 ਆਯੋਜਤ ਕੀਤਾ ਗਿਆ

ਮੋਗਾ, 7 ਅਕਤੂਬਰ (ਜਸ਼ਨ):ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਵਿੱਚ ਸੈਸ਼ਨ 2023-24 ਦਾ ਕਬੱਡੀ ਟੂਰਨਾਮੈਂਟ ਆਯੋਜਤ ਕੀਤਾ ਗਿਆ। ਇਹ ਮੁਕਾਬਲਾ ਸਕੂਲ ਦੇ ਚਾਰ ਹਾਊਸ ਜੂਪੀਟਰ, ਮਾਰਸ, ਮਰਕਰੀ ਤੇ ਵੀਨਸ ਦੀ ਕਬੱਡੀ ਟੀਮਾਂ ਵਿਚਕਾਰ ਖੇਡਿਆ ਗਿਆ। ਸਕੂਲ ਦੇ ਐਕਟੀਵਿਟੀ ਕੁਆਰਡੀਨੇਟਰ ਜਸਪ੍ਰੀਤ ਕੌਰ ਅਤੇ ਸਾਰੇ ਹਾਊਸਜ ਦੇ ਮੁਖੀ ਫਰਾਂਸਿਸ ਮਸੀਹ ਨੇ ਇਸ ਟੂਰਨਾਮੈਂਟ ਲਈ ਸਾਰੇ ਯੋਗ ਪ੍ਰਬੰਧ ਕੀਤੇ।ਪਹਿਲਾ ਮੈਚ ਮਰਕਰੀ ਤੇ ਵੀਨਸ ਹਾਊਸ ਵਿਚਕਾਰ ਹੋਇਆ । ਸਾਰੇ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਵਿੱਚ ਮਰਕਰੀ ਹਾਊਸ ਨੇ 15ਅੰਕਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਦੂਸਰਾ ਮੁਕਾਬਲਾ ਜੂਪੀਟਰ ਤੇ ਮਾਰਸ ਹਾਊਸ ਵਿਚਕਾਰ ਹੋਇਆ ਜਿਸ ਵਿੱਚ ਮਾਰਸ  ਹਾਊਸ ਨੇ 8 ਅੰਕਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਫਾਈਨਲ ਮੈਚ ਮਰਕਰੀ ਹਾਊਸ ਤੇ ਮਾਰਸ ਹਾਊਸ ਵਿਚਕਾਰ ਹੋਇਆ। ਦੋਨੋਂ ਧਿਰਾਂ ਵਿਚਕਾਰ ਬਹੁਤ ਹੀ ਫਸਵਾਂ ਮੁਕਾਬਲਾ ਸੀ। ਵਿਦਿਆਰਥੀਆਂ ਦਾ ਜ਼ੋਰ, ਚੁਸਤੀ ਤੇ ਜੋਸ਼ੀਲਾਪਣ ਵੇਖਣ ਵਾਲਾ ਸੀ। ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੇ -ਆਪਣੇ ਹਾਊਸ ਦੀ ਜਿੱਤ ਲਈ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ। ਅੰਤ ਮਰਕਰੀ ਹਾਊਸ ਨੇ ਇਸ ਟੂਰਨਾਮੈਂਟ ਵਿੱਚ 11 ਅੰਕਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਸਕੂਲ ਦੇ ਖੇਡ ਅਧਿਆਪਕ ਅੰਮ੍ਰਿਤਪਾਲ ਸਿੰਘ ਨੇ ਰੈਫਰੀ ਦੀ ਭੂਮਿਕਾ ਬਾਖੂਬੀ ਨਿਭਾਈ। ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰਣਵੀਰ ਸਿੰਘ ਤੇ ਜੋਧਪਾਲ ਸਿੰਘ ਨੇ ਕੁਮੈਂਟਟੇਟਰ ਦੀ ਭੂਮਿਕਾ ਅਦਾ ਕੀਤੀ। ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਜੇਤੂ ਟੀਮ ਨੂੰ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਅਤੇ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਇਹੀ ਖੇਡ ਭਾਵਨਾ ਨਾਲ ਖੇਡਣ ਲਈ ਮੁਬਾਰਕਬਾਦ ਦਿੱਤੀ।