ਬਜ਼ੁਰਗ ਮਾਤਾ-ਪਿਤਾ ਨੂੰ ਉਸ ਦੇ ਪਰਿਵਾਰ ਵੱਲੋਂ ਨਹੀਂ ਸੰਭਾਲਿਆ ਜਾਂਦਾ ਤਾਂ ਉਹ ਸਮਾਜਿਕ ਸੁਰੱਖਿਆ ਵਿਭਾਗ ਨੂੰ ਕਰੇ ਸ਼ਿਕਾਇਤ :- ਡਿਪਟੀ ਕਮਿਸ਼ਨਰ
ਸਾਡੇ ਬਜ਼ੁਰਗਾਂ ਅਤੇ ਮਾਤਾ-ਪਿਤਾ ਦਾ ਸਮਾਜ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ
ਮੋਗਾ, 5 ਅਕਤੂਬਰ (ਜਸ਼ਨ ) - ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫ਼ਰਜ਼ ਵੀ ਹੈ ਅਤੇ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ। ਕਿਉਂਕਿ ਸਾਡੇ ਬਜ਼ੁਰਗਾਂ ਅਤੇ ਮਾਤਾ-ਪਿਤਾ ਦਾ ਸਮਾਜ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਦਾ ਜਿਲ੍ਹਾ ਮੋਗਾ ਤੋਂ ਆਗਾਜ਼ ਕਰਦੇ ਹੋਏ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਸੰਸਥਾ ਵਲੋਂ ਪ੍ਰਧਾਨ ਸ਼੍ਰੀ ਸਰਦਾਰੀ ਲਾਲ ਕਾਮਰਾ ਅਤੇ ਹੋਰ ਵੀ ਹਾਜ਼ਰ ਸਨ।ਉਹਨਾਂ ਕਿਹਾ ਕਿ ਸਾਡੇ ਬਜ਼ੁਰਗਾਂ ਅਤੇ ਮਾਤਾ-ਪਿਤਾ ਦਾ ਸਮਾਜ ਦੀ ਤਰੱਕੀ ਵਿੱਚ ਬਹੁਤ ਵੱਡੀ ਅਤੇ ਅਹਿਮ ਭੂਮਿਕਾ ਹੈ, ਉਹਨਾਂ ਦੀ ਯੋਗ ਅਗਵਾਈ ਸਦਕਾ ਹੀ ਅਸੀਂ ਅੱਜ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਾਂ ਅਤੇ ਤਰੱਕੀ ਦੀਆਂ ਨਵੀਂਆਂ ਮੰਜਿਲਾ ਛੂਹ ਰਹੇ ਹਾਂ। ਉਹਨਾਂ ਕਿਹਾ ਕਿ ਪੁਰਾਣੇ ਸਮੇਂ ਤੋਂ ਹੀ ਸਾਡੇ ਭਾਰਤੀ ਸਮਾਜ ਅਤੇ ਪਰੰਪਰਾ ਵਿੱਚ ਸਾਂਝੇ ਪਰਿਵਾਰਾਂ ਦਾ ਬਹੁਤ ਮਹੱਤਵ ਰਿਹਾ ਹੈ। ਇਸ ਰੀਤੀ ਨੂੰ ਅੱਗੇ ਵਧਾਉਦੇ ਹੋਏ ਸਾਨੂੰ ਅੱਜ ਵੀ ਬਜ਼ੁਰਗਾਂ ਨੂੰ ਪੂਰਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ, ਕਿਉਂਕਿ ਸਾਂਝੇ ਪਰਿਵਾਰ ਵਿੱਚ ਰਹਿੰਦੇ ਹੋਏ ਅਸੀਂ ਤਰੱਕੀ ਕਰ ਸਕਦੇ ਹਾਂ ਅਤੇ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਲੈ ਸਕਦੇ ਹਾਂ। ਉਹਨਾਂ ਸਮਾਗਮ ਵਿੱਚ ਹਾਜ਼ਰ ਬਜ਼ੁਰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਟਾਇਰਮੈਂਟ ਜਿੰਦਗੀ ਦਾ ਅੰਤ ਨਹੀਂ ਹੈ, ਸਗੋਂ ਇਹ ਜ਼ਿੰਦਗੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਹੈ, ਇਸ ਸਮੇਂ ਦੀ ਵਰਤੋਂ ਜ਼ਿੰਦਗੀ ਦੇ ਕੁਝ ਅਧੂਰੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਅਤੇ ਸਮਾਜ ਸੁਧਾਰ ਲਈ ਕੀਤੀ ਜਾ ਸਕਦੀ ਹੈ। ਉਹਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਦਾ ਤਨੋ-ਮਨੋਂ ਸਤਿਕਾਰ ਕਰਨ ਤਾਂ ਕਿ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਬਜ਼ੁਰਗਾਂ ਦੀ ਸੁਰੱਖਿਆ ਲਈ ਕੁੱਝ ਨਿਯਮ/ਕਾਨੂੰਨ ਬਣਾਏ ਗਏ ਹਨ। ਜੇਕਰ ਕਿਸੇ ਵੀ ਬਜ਼ੁਰਗ ਦੀ ਉਹਨਾਂ ਦੇ ਪਰਿਵਾਰ ਵੱਲੋਂ ਦੇਖ-ਭਾਲ ਨਹੀਂ ਕੀਤੀ ਜਾਂਦੀ ਜਾਂ ਘਰ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਬਜ਼ੁਰਗ ਆਪਣੀ ਸ਼ਿਕਾਇਤ ਸਮਾਜਿਕ ਸੁਰੱਖਿਆ ਵਿਭਾਗ ਨੂੰ ਜ਼ਿਲ੍ਹਾ ਪੱਧਰ/ਸਬ-ਡਵੀਜ਼ਨ ਪੱਧਰ 'ਤੇ ਕਰ ਸਕਦਾ ਹੈ। ਕਾਨੂੰਨ ਅਨੁਸਾਰ ਉਸ ਬਜ਼ੁਰਗ ਨੂੰ ਬਣਦੇ ਹੱਕ ਦਿਵਾਏ ਜਾਣਗੇ। ਇਸ ਮੌਕੇ ਵੱਖ-ਵੱਖ ਐਸੋਸੀਏਸ਼ਨਾਂ ਨਾਲ ਸਬੰਧਤ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਜ਼ੁਰਗਾਂ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਇਸ ਮੌਕੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਲਈ ਮੈਡੀਕਲ ਕੈਂਪ ਲਗਾ ਕੇ ਡਾਕਟਰਾਂ ਦੀ ਟੀਮ ਨੂੰ ਵੀ ਸਮਾਗਮ ਵਾਲੇ ਸਥਾਨ 'ਤੇ ਤਾਇਨਾਤ ਕੀਤਾ ਗਿਆ ਸੀ।