ਐਸਪੀਰੇਸ਼ਨਲ ਬਲਾਕ ਨਿਹਾਲ ਸਿੰਘ ਵਾਲਾ ਵਿਖੇ ''ਸੰਕਲਪ ਸਪਤਾਹ'' ਤਹਿਤ ਤੀਸਰੇ ਦਿਨ ਵੀ ਵਿਭਾਗੀ ਗਤੀਵਿਧੀਆਂ ਜਾਰੀ
ਨਿਹਾਲ ਸਿੰਘ ਵਾਲਾ (ਮੋਗਾ) 5 ਅਕਤੂਬਰ: (ਜਸ਼ਨ ) ਐਸਪੀਰੇਸ਼ਨਲ ਜ਼ਿਲ੍ਹਾ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਜਗੁਜ਼ਗਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ। ਇਸ ਤਹਿਤ ਸਰਕਾਰ ਵੱਲੋਂ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮੰਤਵ ਵੱਖ-ਵੱਖ ਮਾਪਦੰਡਾਂ ਤੋਂ ਪਛੜੇ ਐਸਪੀਰੇਸ਼ਨਲ ਬਲਾਕ ਦੀ ਕਾਰਜਸ਼ੈਲੀ ਵਿੱਚ ਵਾਧਾ ਅਤੇ ਵਿਕਾਸ ਕਰਨਾ ਹੈ। 30 ਸਤੰਬਰ, 2023 ਨੂੰ ਐਸਪੀਰੇਸ਼ਨ ਬਲਾਕ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ, ਜਿਸਦੀ ਲਗਾਤਾਰਤਾ ਵਿੱਚ ਐਸਪੀਰੇਸ਼ਨਲ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ 3 ਅਕਤੂਬਰ ਤੋਂ ''ਸੰਕਲਪ ਸਪਤਾਹ'' ਚਲਾਇਆ ਜਾ ਰਿਹਾ ਹੈ। ਵੱਖ ਵੱਖ ਵਿਭਾਗਾਂ ਵੱਲੋਂ ਸਫ਼ਾਈ ਨਾਲ ਸਬੰਧਤ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਸਪਤਾਹ ਦੇ ਤੀਸਰੇ ਦਿਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੋਗਾ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ, ਸਕੂਲਾਂ ਵਿੱਚ ''ਸਵੱਛਤਾ ਹੀ ਸੇਵਾ'' ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਡਿਪਟੀ ਕਿਮਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ''ਸਵੱਛਤ ਗਰ, ਗਾਉਂ ਏਵਮ ਗ੍ਰਾਮ ਪੰਚਾਇਤ'' ਮੁਹਿੰਮ ਨੂੰ ਬਲਾਕ ਦੇ 37 ਪਿੰਡਾਂ ਵਿੱਚ ਚਲਾਇਆ ਗਿਆ, ਜਿਸ ਵਿੱਚ ਵਧੇਰੇ ਗਿਣਤੀ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਸਫ਼ਾਈ ਸਬੰਧੀ ਗਤੀਵਿਧੀਆਂ ਕੀਤੀਆਂ। ਇਸ ਤੋਂ ਇਲਾਵਾ ਬਲਾਕ ਦੇ 84 ਸਕੂਲਾਂ ਵਿੱਚ ਸਵੱਛਤਾ ਹੀ ਸੇਵਾ ਵਿਸ਼ੇ ਉੱਪਰ ਸਕੂਲੀ ਵਿਦਿਆਰਥੀਆਂ ਦੇ ਵਾਕ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਸਕੂਲੀ ਵਿਦਿਆਰਥੀਆਂ ਨੂੰ ਵੀ ਸਫ਼ਾਈ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਪ੍ਰਣ ਦਿਵਾਇਆ ਗਿਆ ਕਿ ਉਹ ਸਫ਼ਾਈ ਸਬੰਧੀ ਹਮੇਸ਼ਾ ਜਾਗਰੂਕ ਰਹਿਣ ਅਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਕਲਪ ਸਪਤਾਹ ਤਹਿਤ 9 ਅਕਤੂਬਰ ਤੱਕ ਲਗਾਤਾਰ ਇਹ ਗਤੀਵਿਧੀਆਂ ਜਾਰੀ ਰਹਿਣਗੀਆਂ ਅਤੇ ਨਿੱਤ ਦਿਨ ਵੱਖ ਵੱਖ ਵਿਭਾਗਾਂ ਵੱਲੋਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ।