ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਅਧੀਨ ਕਈ ਗਤੀ ਵਿਧੀਆਂ ਆਯੋਜਿਤ ਕੀਤੀਆਂ ਗਈਆਂ
ਮੋਗਾ, 30 ਸਤੰਬਰ (ਜਸ਼ਨ) ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਵਿੱਚ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਅਧੀਨ ਸਕੂਲ ਦੇ ਵਿਦਿਆਰਥੀਆਂ ਤੋਂ ਮਿੱਟੀ ਮੰਗਵਾਈ ਗਈ। ਵਿਦਿਆਰਥੀਆਂ ਨੇ ਵੱਖ ਵੱਖ ਥਾਵਾਂ ਤੋਂ ਲਿਆਂਦੀ ਹੋਈ ਮਿੱਟੀ ਨੂੰ ਦੇਸ਼ ਭਗਤੀ ਦਿਖਾਉਂਦੇ ਹੋਏ ਪੂਰੇ ਸਤਿਕਾਰ ਨਾਲ ਕਲਸ਼ ਵਿੱਚ ਮਿੱਟੀ ਇਕੱਠੀ ਕੀਤੀ। ਸਾਰੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਅਗਵਾਈ ਵਿੱਚ ਮਿਲ ਕੇ ਮੇਰੀ ਮਾਟੀ ਮੇਰਾ ਦੇਸ਼ ਦੇ ਨਾਅਰੇ ਲਗਾਉਂਦੇ ਹੋਏ ਰੈਲੀ ਕੱਢੀ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਗਟ ਕੀਤਾ । ਇਸ ਮੌਕੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਅਧੀਨ ਵਿਦਿਆਰਥੀਆਂ ਲਈ ਲੇਖ ਮੁਕਾਬਲੇ, ਕਲਾ ਤੇ ਰੰਗੋਲੀ ਮੁਕਾਬਲੇ ਦੇਸ਼ ਭਗਤੀ ਦੇ ਗੀਤ ਮੁਕਾਬਲੇ ਅਤੇ ਕਹਾਣੀ ਮੁਕਾਬਲੇ ਵੀ ਕਰਵਾਏ ਜਾਣਗੇ । ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਉਨ੍ਹਾਂ ਦੇਸ਼ ਭਗਤਾਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਹੈ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਦੇਸ਼ ਦੇ ਲਈ ਕੁਰਬਾਨ ਕਰ ਦਿੱਤੀਆਂ ਤਾਂ ਜੋ ਆਉਣ ਵਾਲੀ ਪੀੜ੍ਹੀ ਦੇ ਮਨਾਂ ਅੰਦਰ ਵੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਸਕੇ।