ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਸਫ਼ਲ ਆਯੋਜਨ, ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਕੀਤੀ ਸ਼ਿਰਕਤ
ਮੋਗਾ 28 ਸਤੰਬਰ: (ਜਸ਼ਨ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਮੋਗਾ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਵਿੰਡਸਰ ਗਾਰਡਨ, ਦੁੱਨੇਕੇ ਵਿਖੇ ਸਫ਼ਲਤਾਪੂਰਵਕ ਆਯੋਜਿਤ ਕਰਵਾਇਆ ਜਾ ਚੁੱਕਾ ਹੈ।ਇਸ ਕੈਂਪ ਦਾ ਉਦਘਾਟਨ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਡਾ: ਹਰਪ੍ਰੀਤ ਕੌਰ ਨੇ ਕੀਤਾ। ਇਸ ਕੈਂਪ ਦਾ ਮੁੱਖ ਮੰਤਵ ਹਾੜ੍ਹੀ ਸੀਜ਼ਨ ਦੌਰਾਨ ਬੀਜੀਆਂ ਜਾਂਦੀਆਂ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਅਤੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ, ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ-ਵੱਖ ਵਿਧੀਆਂ ਰਾਹੀਂ ਬਿਜਾਈ ਸਬੰਧੀ ਜਾਣਕਾਰੀ ਦੇਣਾ ਸੀ।ਇਸ ਕਿਸਾਨ ਸਿਖਲਾਈ ਕੈਂਪ ਵਿਚ ਡਾ: ਹਰਪ੍ਰੀਤ ਕੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਨਾਲ ਮਨੁੱਖੀ ਸਿਹਤ ਅਤੇ ਧਰਤੀ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ, ਉੱਥੇ ਇਸ ਦੁਆਰਾ ਫੈਲੇ ਧੂੰਏ ਨਾਲ ਕਈ ਵਾਰ ਅਣਮੁੱਲੀਆਂ ਜਾਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਹੀ ਵਾਹ ਕੇ ਜਾਂ ਇਸ ਦੀ ਸੁੱਚਜੇ ਢੰਗ ਨਾਲ ਸੰਭਾਲ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ।
ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ: ਮਨਜੀਤ ਸਿੰਘ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਣੂੰ ਕਰਵਾਇਆ ਅਤੇ ਖੇਤੀ ਵਿਭਿੰਨਤਾ ਅਪਨਾਉਣ ਲਈ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਹਰ ਕਿਸਾਨ ਕਣਕ ਦੀ ਫ਼ਸਲ ਦੇ ਨਾਲ-ਨਾਲ ਤੇਲ ਬੀਜ ਫਸਲਾਂ ਆਦਿ ਦੀ ਖੇਤੀ ਕਰਨ ਤਾਂ ਇਸ ਦਾ ਉਹ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਕੈਂਪ ਵਿਚ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਅਮਨਦੀਪ ਸਿੰਘ ਨੇ ਕਣਕ ਦੀ ਫ਼ਸਲ ਦੀਆਂ ਵੱਖ-ਵੱਖ ਕਿਸਮਾਂ, ਡਾ. ਮਨਪ੍ਰੀਤ ਜੈਦਕਾ ਨੇ ਇਸ ਸਮੇਂ ਖੜ੍ਹੀ ਫ਼ਸਲ, ਸਰੌਂ ਅਤੇ ਛੋਲਿਆਂ ਦੀ ਫ਼ਸਲ ਸਬੰਧੀ, ਡਾ. ਰਮਨਦੀਪ ਕੌਰ ਨੇ ਪਰਾਲੀ ਦੀ ਸਾਂਭ ਸੰਭਾਲ, ਡਾ. ਪ੍ਰੇਰਨਾ ਠਾਕੁਰ ਨੇ ਘਰੇਲੂ ਸਬਜ਼ੀਆਂ ਸਬੰਧੀ ਜਾਣਕਾਰੀ ਦਿੱਤੀ।
ਇਸ ਕਿਸਾਨ ਸਿਖਲਾਈ ਕੈਂਪ ਵਿਚ ਖੇਤੀਬਾੜੀ ਮਸ਼ੀਨਰੀ, ਸੈਲਫ਼ ਹੈਲਪ ਗਰੁੱਪਾਂ ਅਤੇ ਖੇਤੀਬਾੜੀ ਨਾਲ ਸਬੰਧਤ ਧੰਦਿਆਂ ਸਬੰਧੀ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਗਿਆ ਜਿਹਨਾਂ ਨੂੰ ਕਿਸਾਨਾਂ ਨੇ ਬੜੀ ਹੀ ਉਤਸੁਕਤਾ ਨਾਲ ਵੇਖਿਆ। ਸ: ਨਿਰਮਲ ਸਿੰਘ ਮਾਣੂੰਕੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਆਪਣੇ ਕੀਤੇ ਤਜਰਬੇ ਅਨੁਸਾਰ ਕਿਸਾਨਾਂ ਨੂੰ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕਰਨ ਲਈ ਅਪੀਲ ਕੀਤੀ ਅਤੇ ਕਿਹਾ ਕਿ ਇਹ ਵਿਧੀ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਲਈ ਕਿਸਾਨ ਵੀਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਸ: ਲਖਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਮੇਂ ਦਿਨੋ ਦਿਨ ਧਰਤੀ ਹੇਠਲੇ ਪਾਣੀ ਤੇ ਚਿੰਤਾ ਜ਼ਾਹਿਰ ਕਰਦਿਆਂ ਝੋਨੇ ਦੀ ਫ਼ਸਲ ਹੇਠੋਂ ਰਕਬਾ ਘਟਾ ਕੇ ਹੋਰ ਫ਼ਸਲਾਂ ਬੀਜਣ ਉੱਪਰ ਜ਼ੋਰ ਦਿੱਤਾ।
ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਖਾਦ ਦੀ ਵਿਕਰੀ ਸਮੇਂ ਕਿਸੇ ਵੀ ਤਰ੍ਹਾਂ ਦੀ ਵਾਧੂ ਸਮੱਗਰੀ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ਵੀ ਖੇਤੀ ਇਨਪੁਟਸ ਦੀ ਜ਼ਰੂਰਤ ਹੈ ਸਿਰਫ਼ ਕਿਸਾਨ ਉੇਸੇ ਦੀ ਹੀ ਆਪਣੀ ਮਰਜ਼ੀ ਨਾਲ ਵਿਕਰੀ ਕਰੇਗਾ।
ਇਸ ਕਿਸਾਨ ਕੈਂਪ ਵਿਚ ਸ੍ਰ. ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਮੋਗਾ, ਚਰਨਜੀਤ ਸਿੰਘ ਸੋਹੀ ਏ.ਆਰ., ਸ੍ਰੀ ਦੀਪਕ ਅਰੋੜਾ ਚੇਅਰਮੈਂਟ ਇੰਪਰੂਵਮੈਂਟ ਟਰੱਸਟ ਮੋਗਾ, ਡਾ: ਸੁਖਰਾਜ ਦਿਓਲ, ਡਾ. ਬਲਵਿੰਦਰ ਸਿੰਘ ਲੱਖੇਵਾਲੀ, ਡਾ: ਗੁਰਪ੍ਰੀਤ ਸਿੰਘ, ਡਾ: ਅੰਮ੍ਰਿਤਪਾਲ ਸਿੰਘ, ਡਾ: ਗੁਰਬਾਜ ਸਿੰਘ, ਡਾ: ਨਵਦੀਪ ਸਿੰਘ, ਡਾ: ਗੁਰਕ੍ਰਿਪਾਲ ਸਿੰਘ, ਤੋਂ ਇਲਾਵਾ ਭਾਰੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ਼ ਵੀ ਇਸ ਸਮੇਂ ਹਾਜ਼ਰ ਸੀ। ਮੰਚ ਦਾ ਸੰਚਾਲਨ ਡਾ. ਬਲਜਿੰਦਰ ਸਿੰਘ ਨੇ ਨਿਭਾਇਆ।