ਸਕੂਲ ਆਫ਼ ਐਮੀਨੈਂਸ ਲੰਢੇਕੇ ‘ਚ ਹੋਇਆ ‘ਕਲਾ ਉਤਸਵ’ ਦਾ ਆਗਾਜ਼
* ਡੀ ਈ ਓ ਮਮਤਾ ਬਜਾਜ ਅਤੇ ਡਿਪਟੀ ਡੀ ਈ ਓ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਕੀਤਾ ਉਤਸ਼ਾਹਿਤ
ਮੋਗਾ, 27 ਸਤੰਬਰ (ਜਸ਼ਨ): ਭਾਰਤ ਸਰਕਾਰ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨ ਸੀ ਈ ਆਰ ਟੀ) ਦੀ ਦੇਖ ਰੇਖ ਵਿਚ ਦੇਸ਼ ਭਰ ਵਿਚ ਕਰਵਾਏ ਜਾ ਰਹੇ ਕਲਾ ਉਤਸਵਾਂ ਦੀ ਲੜੀ ਤਹਿਤ ਐਮੀਨੈਂਸ ਸਕੂਲ ਲੰਢੇਕੇ ਤੋਂ ਅੱਜ ਜ਼ਿਲ੍ਹਾ ਪੱਧਰੀ ਕਲਾ ਉਤਸਵ ਦਾ ਆਗਾਜ਼ ਹੋਇਆ ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਬਜਾਜ , ਡਿਪਟੀ ਡੀ ਈ ਓ ਗੁਰਦਿਆਲ ਸਿੰਘ, ਕਲਾ ਉਤਸਵ ਦੀ ਨੋਡਲ ਅਫਸਰ ਲੈਕਚਰਾਰ ਜਗਜੀਤ ਕੌਰ , ਪਿ੍ਰੰਸੀਪਲ ਮੰਜੂ , ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ , ਉੱਘੇ ਲੇਖਕ ਸੁਰਜੀਤ ਸਿੰਘ ਕਾਉਂਕੇ, ਪ੍ਰਿੰ: ਜਸਪ੍ਰੀਤ ਕੌਰ, ਵਿਕਾਸ ਚੋਪੜਾ ਅਤੇ ਲੈਕਚਰਾਰ ਸੰਜੀਵ ਗਰੋਵਰ ਨੇ ਡਰਾਇੰਗ ਅਤੇ ਪੇਟਿੰਗ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਦੀਆਂ ਕਲਾਂ ਕ੍ਰਿਤੀਆਂ ਨੂੰ ਗਹੁ ਨਾਲ ਵਾਚਿਆ।
ਇਸ ਮੌਕੇ ਕਲਾਸੀਕਲ ਗਾਇਕੀ ਦੇ ਮੁਕਾਬਲਿਆਂ ਦੌਰਾਨ ਕੋਕਰੀ ਸਕੂਲ ਤੋਂ ਗੁਰਪ੍ਰਤਾਪ ਸਿੰਘ ਜੇਤੂ ਰਿਹਾ ਜਦਕਿ ਇਸ ਮੁਕਾਬਲੇ ਲਈ ਜੱਜਾਂ ਦੀ ਭੂਮਿਕਾ ਕਲਾਸੀਕਲ ਸੰਗੀਤ ਮਾਹਿਰ ਰਣਜੀਤ ਸਿੰਘ ਸੋਹਲ ਅਤੇ ਦੂਰਦਰਸ਼ਨ ਦੇ ਆਰਟਿਸਟ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਨਿਭਾਈ ।
ਲੜਕਿਆਂ ਦੇ ਰਵਾਇਤੀ ਲੋਕ ਗੀਤ ਮੁਕਾਬਲਿਆਂ ਦੌਰਾਨ ਲਵਪ੍ਰੀਤ ਸਿੰਘ ਸਮਾਲਸਰ ਪਹਿਲੇ ਜਦਕਿ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦਾ ਸੁਖਮਨ ਸਿੰਘ ਦੂਜੇ ਅਤੇ ਸੈਕਰਡ ਹਾਰਟ ਸਕੂਲ ਦਾ ਜੋਬਨਪ੍ਰੀਤ ਸਿੰਘ ਤੀਜੇ ਨੰਬਰ ’ਤੇ ਰਿਹਾ ।
ਲੜਕੀਆਂ ਦੇ ਰਵਾਇਤੀ ਲੋਕ ਗੀਤ ਮੁਕਾਬਲਿਆਂ ਵਿਚ ਕੰਨਿਆ ਸਕੂਲ ਮੋਗਾ ਦੀ ਮਨਜਿੰਦਰ ਕੌਰ ਪਹਿਲੇ ਨੰਬਰ ’ਤੇ ਰਹੀ, ਕੈਲਾ ਸਕੂਲ ਤੋਂ ਗੁਰਸਾਂਝਵੀਰ ਕੌਰ ਦੂਜੇ ਅਤੇ ਵਾਂਦਰ ਸਕੂਲ ਦੀ ਰੀਨਾ ਕੌਰ ਤੀਜੇ ਨੰਬਰ ’ਤੇ ਰਹੀ। ਇਸ ਮੁਕਾਬਲੇ ਵਿਚ ਰੌਲੀ ਸਕੂਲ ਦੀ ਲੜਕੀ ਜਸਲੀਨ ਬੇਗਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਲੈਕਚਰਾਰ ਸੁਖਮੰਦਰ ਸਿੰਘ ਅਤੇ ਗਜ਼ਲ ਗਾਇਕ ਹਰਪ੍ਰੀਤ ਸਿੰਘ ਨੇ ਨਿਭਾਈ । ਅੱਜ ਦੇ ਦਿਨ ਚਿੱਤਰਕਾਰੀ ਦੇ ਮੁਕਾਬਲੇ ਜਾਰੀ ਰਹੇ ਜਿਹਨਾਂ ਲਈ ਜੱਜਾਂ ਦੀ ਭੂਮਿਕਾ ਚਰਨ ਸਿੰਘ ਸਟੇਟ ਐਵਾਰਡੀ, ਪ੍ਰਿੰਸੀਪਲ ਜਸਪ੍ਰੀਤ ਕੌਰ ਅਤੇ ਹਰਵਿੰਦਰ ਕੌਰ ਨਿਭਾਅ ਰਹੇ ਸਨ। ਲੋਕ ਗਾਇਕੀ ਅਤੇ ਕਲਾਸੀਕਲ ਗਾਇਕੀ ਦੇ ਜੇਤੂਆਂ ਨੂੰ ਯਾਦਗਾਰੀ ਚਿੰਨ ਅਤੇ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਦੀਆਂ ਰਸਮਾਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਬਜਾਜ ਅਤੇ ਡਿਪਟੀ ਡੀ ਈ ਓ ਗੁਰਦਿਆਲ ਸਿੰਘ ਨੇ ਨਿਭਾਈਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਰਤ ਸਰਕਾਰ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੀ ਪਹਿਲ ’ਤੇ ਕਰਵਾਏ ਜਾ ਰਹੇ ਕਲਾ ਉਤਸਵ ਦਾ ਮਕਸਦ ਵਿਦਿਆਰਥੀਆਂ ਦੀ ਕਲਾਤਮਿਕ ਪ੍ਰਤਿਭਾ ਦੀ ਪਛਾਣ ਕਰਦਿਆਂ ਮੰਚ ਮੁਹਈਆ ਕਰਵਾ ਕੇ ਉਹਨਾਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਮੁਕਾਬਲੇ ਕੱਲ ਵੀ ਜਾਰੀ ਰਹਿਣਗੇ।