ਕਨੇਡਾ ‘ਚ ਪੰਜਾਬੀ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਪ੍ਰਵਾਸੀ ਪੰਜਾਬੀ ਸੁੱਖੀ ਬਾਠ ਨੇ ਕੀਤੀ ਵਿਸ਼ੇਸ਼ ਚਰਚਾ

*ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਆਪਣੀ ਨਿੱਜੀ ਜ਼ਿੰਦਗੀ ਦੇ ਤਜ਼ਰਬੇ ਕੀਤੇ ਸਾਂਝੇ
ਮੋਗਾ, 27 ਸਤੰਬਰ (ਜਸ਼ਨ): ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਦਾ ਆਖਣਾ ਹੈ ਕਿ ਵਿਦੇਸ਼ਾਂ ‘ਚ ਉੱਚ ਵਿੱਦਿਆ ਹਾਸਲ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕਨੇਡਾ ਦੀ ਧਰਤੀ ’ਤੇ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਨੂੰ ਮਾਨਸਿਕ ਅਤੇ ਵਿਵਹਾਰਕ ਤੌਰ ’ਤੇ ਆਪਣੇ ਆਪ ਨੂੰ ਉਸ ਮਾਹੌਲ ਵਿਚ ਢਾਲਣ ਲਈ ਅਗਾਊਂ ਕਾਊਂਸਲਿੰਗ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤੇ ਜਾਣ ਦੀ ਲੋੜ ਹੈ। ਸ. ਬਾਠ ਅੱਜ ਮੋਗਾ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ, ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।  ਸੁੱਖੀ ਬਾਠ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਗਿਆਰਵੀਂ ਅਤੇ ਬਾਹਰਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਇਕ ਬਾਪ ਵਾਂਗ ਮਾਰਗ ਦਰਸ਼ਨ ਕਰਦਿਆਂ ਦੱਸਿਆ ਕਿ ਕੈਨੇਡਾ ਦੀ ਧਰਤੀ ’ਤੇ ਆਪਣੇ ਆਪ ਨੂੰ ਸਾਬਤ ਕਰਨ ਲਈ ਹਰ ਨੌਜਵਾਨ ਨੂੰ ਵਿਸ਼ੇਸ਼ ਹੁਨਰ ਦੇ ਨਾਲ ਨਾਲ ਆਪਣੇ ਖੁਦ ਲਈ ਹਰ ਘਰੇਲੂ ਕੰਮ ਵਿਚ ਸੰਪੂਰਨ ਹੋਣ ਦੀ ਲੋੜ ਹੈ ਤਾਂ ਕਿ ਉਸ ਧਰਤੀ ’ਤੇ ਤੁਸੀਂ ਆਪਣੇ ਮਾਪਿਆਂ ਤੋਂ ਬਿਨਾ ਕਿਸ ਤਰਾਂ ਸੰਭਾਲਣਾ ਹੈ। ਉਹਨਾਂ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਆਪਣੀ ਨਿੱਜੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ । 
ਪੰਜਾਬੀ ਭਾਸ਼ਾ ਦੇ ਪਰਮ ਸੇਵਕ ਸੁੱਖੀ ਬਾਠ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਵਿਸ਼ੇ ਦੀ ਚੋਣ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਤਾਂ ਜੋ, ਜਿਹੜੀ ਪੜ੍ਹਾਈ ਉਹ ਕਰਨ ਜਾ ਰਹੇ ਹਨ ਉਸ ਤੋਂ ਬਾਅਦ ਨੌਕਰੀ ਮਿਲਣ ਦੀਆਂ ਕੀ ਸੰਭਾਵਨਾਵਾਂ ਹਨ? ਉਹਨਾਂ ਆਖਿਆ ਕਿ ਇਸ ਉਪਰੰਤ ਸਹੀ ਕਾਲਜ ਜਾਂ ਯੂਨੀਵਰਸਿਟੀ ਦੀ ਚੋਣ ਕਰਨੀ ਚਾਹੀਦੀ ਹੈ। ਉਹਨਾਂ ਆਖਿਆ ਕਿ ਕਈ ਵਾਰ ਵਿਦਿਆਰਥੀਆਂ ਨਾਲ ਧੋਖਾ ਹੋ ਜਾਂਦਾ ਹੈ ਤੇ ਉਹ ਗਲਤੀ ਨਾਲ ਉਸ ਕਾਲਜ ਦੀ ਚੋਣ ਕਰ ਬੈਠਦੇ ਹਨ ਜਿਹੜਾ ਸਿਰਫ਼ ਇਕ ਜਾਂ ਦੋ ਕਮਰਿਆਂ ਦਾ ਕਾਲਜ ਹੁੰਦਾ ਹੈ। ਸੁੱਖੀ ਬਾਠ ਨੇ ਆਖਿਆ ਕਿ ਵਿਦਿਆਰਥੀ ਜਾਣ ਤੋਂ ਪਹਿਲਾਂ ਜਿਸ ਸ਼ਹਿਰ ਵਿੱਚ ਉਹ ਜਾ ਰਹੇ ਹਨ ਉਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲੈਣ ਤਾਂ ਜੋ ਪੜ੍ਹਨ ਤੋਂ ਬਾਅਦ ਉਹ ਸਹੀ ਢੰਗ ਨਾਲ ਉਥੇ ਸੈਟਲ ਹੋ ਸਕਣ। ਉਹਨਾਂ ਆਖਿਆ ਕਿ ਉਹੀ ਮੋਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ ’ਤੇ ਭੇਜਣ ਜਿਹਨਾਂ ਕੋਲ ਬੱਚੇ ਦੇ ਰਹਿਣ ਸਹਿਣ ਅਤੇ ਫੀਸਾਂ ਭਰਨ ਦੀ ਭਰਪੂਰ ਸਮਰਥਾ ਹੋਵੇ। ਉਹਨਾਂ ਵਿਦਿਆਰਥੀਆਂ ਨੂੰ ਆਗਾਹ ਕੀਤੀ ਕਿ ਹਰੇਕ ਜਗ੍ਹਾ ਤੇ ਚੰਗੇ ਮਾੜੇ ਲੋਕ ਰਹਿੰਦੇ ਹਨ ਉਹਨਾਂ ਨੂੰ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ। ਕੁਝ ਮਾੜੇ ਅਨਸਰ ਭੋਲੇ-ਭਾਲੇ ਵਿਦਿਆਰਥੀਆਂ ਨੂੰ ਵਰਗਲਾ ਕੇ ਭੈੜੇ ਕੰਮਾਂ ਵਿੱਚ ਪਾਉਣ ਤੋਂ ਗੁਰੇਜ਼ ਨਹੀਂ ਕਰਦੇ। 
ਬਾਠ ਨੇ ਆਖਿਆ ਕਿ ਉਹਨਾਂ ਦਾ ਮਕਸਦ ਬੱਚਿਆਂ ਨੂੰ ਡਰਾਉਣਾ ਨਹੀਂ ਜਾਂ ਕੈਨੇਡਾ ਜਾਣ ਤੋਂ ਰੋਕਣਾ ਨਹੀਂ ਹੈ, ਸਿਰਫ ਉਹਨਾਂ ਨੂੰ ਉੱਥੇ ਜਾ ਕੇ ਸੁਰੱਖਿਅਤ ਕਿਵੇਂ ਰਹਿਣਾ ਹੈ, ਕਾਮਯਾਬ ਕਿਵੇਂ ਹੋਣਾ ਹੈ ਬਾਰੇ ਜਾਣਕਾਰੀ ਦੇਣਾ ਹੈ।  

ਸੈਮੀਨਾਰ ਦੌਰਾਨ ਚੇਅਰਮੈਨ ਦਵਿੰਦਰ ਪਾਲ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ । ਉਹਨਾਂ ਸੁਖੀ ਬਾਠ ਦਾ ਧੰਨਵਾਦ ਕੀਤਾ ਜਿਹਨਾਂ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦ ਵਿਸ਼ੇਸ਼ ਉੱਦਮ ਕੀਤਾ। ਉਹਨਾਂ ਨੇ ਦੱਸਿਆ ਕਿ ਸੁੱਖੀ ਬਾਠ ਇੱਕ ਨਾਮ ਨਹੀਂ, ਇੱਕ ਸੰਸਥਾ ਹੈ ਜੋ ਕਿ ਹਮੇਸ਼ਾ ਹੀ ਸਮਾਜ ਸੇਵਾ ਲਈ ਤਤਪਰ ਰਹਿੰਦੇ ਹਨ। ਉਹਨਾਂ ਆਖਿਆ ਕਿ ਸੁੱਖੀ ਬਾਠ ਨੇ ਆਪਣੇ ਪਿਤਾ ਦੀ ਯਾਦ ਵਿੱਚ ਕੈਨੇਡਾ ਵਿਖੇ ਪੰਜਾਬ ਭਵਨ ਬਣਾਇਆ ਹੋਇਆ ਹੈ, ਜਿੱਥੇ ਆਮ ਲੋਕ ਆਪਣੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਬਿਨਾਂ ਕਿਸੇ ਖਰਚੇ ਤੋਂ ਕਰਦੇ ਨੇ। ਸੁੱਖੀ ਬਾਠ ਪੰਜਾਬੀਅਤ ਦੀ ਸੇਵਾ ਲਈ ਸਲਾਨਾ ਸਮਾਗਮ ਹਰੇਕ ਸਾਲ ਪੰਜਾਬ ਭਵਨ ਸਰੀ ਵਿਖੇ ਕਰਵਾਉਂਦੇ ਹਨ। ਉਹਨਾਂ ਨੇ ਕਈ ਗਰੀਬ ਬੱਚਿਆਂ ਨੂੰ ਗੋਦ ਲਿਆ ਹੋਇਆ ਹੈ ਅਤੇ ਫਿਲਪਾਈਨ ਵਿਖੇ 500 ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਉਪਰਾਲਾ ਕਰ ਰਹੇ ਹਨ।

ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ, ਲੇਖਕ ਪ੍ਰੋ: ਸੁਰਜੀਤ ਸਿੰਘ ਕਾਉਂਕੇ, ਮੈਡਮ ਬਲਜਿੰਦਰ ਕੌਰ ਕਲਸੀ ,ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ , ਸਭਾਸ਼ ਪਲਤਾ, ਮਾਸਟਰ ਸ਼ਮਸ਼ੇਰ ਸਿੰਘ, ਪ੍ਰੀਤ ਜਲੰਧਰ ਹਾਜ਼ਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਵਾਈਸ ਪਿ੍ਰੰਸੀਪਲ ਸ੍ਰੀਮਤੀ ਅਮਨ ਗਿਰਧਰ ਨੇ ਨਿਭਾਈ।