ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਪਿੰਡ ਅਮਰੀਕਾ’

ਪੰਜਾਬੀ ਸਿਨਮਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ “ਜੀ ਆਇਆ ਨੂੰ” ਜਰੀਏ ਹੋਈ ਸੀ। ਪਰਵਾਸ ਨਾਲ ਸੰਬੰਧਿਤ ਇਸ ਫਿਲਮ ਨੇ ਪੰਜਾਬੀ ਇੰਡਸਟਰੀ ਨੂੰ ਮੁੜ-ਸੁਰਜੀਤ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਅੱਜ ਪੰਜਾਬੀ ਇੰਡਸਟਈ ਇਸ ਮੁਕਾਮ ‘ਤੇ ਹੈ ਕਿ ਪੰਜਾਬੀ ਫ਼ਿਲਮਾਂ ਦੁਨੀਆਂ ਭਰ ਵਿੱਚ ਦੇਖੀਆਂ ਜਾ ਰਹੀਆਂ ਹਨ। ਇਕ ਲੰਮੇ ਅਰਸੇ ਤੋਂ ਬਾਅਦ ਹੁਣ ਪਰਵਾਸ ਨਾਲ ਸਬੰਧਿਤ ਇਕ ਹੋਰ ਪੰਜਾਬੀ ਫ਼ਿਲਮ “ਪਿੰਡ ਅਮਰੀਕਾ” ਰਿਲੀਜ ਹੋਣ ਜਾ ਰਹੀ ਹੈ। 6 ਅਕਤੂਬਰ ਨੂੰ ਰਿਲੀਜ ਹੋਣ ਜਾ ਰਹੀ ਇਹ ਫ਼ਿਲਮ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਬਾਤ ਪਾਵੇਗੀ।

ਲਾਇਨਜ਼ ਫ਼ਿਲਮਜ਼ ਪ੍ਰੋਡਕਸ਼ਨ ਹਾਊਸ ਅਤੇ ਸਿਮਰਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਲੇਖਕ ਅਤੇ ਨਿਰਦੇਸ਼ਕ ਸਿਮਰਨ ਸਿੰਘ ਦੀ ਇਸ ਫ਼ਿਲਮ “ਪਿੰਡ ਅਮਰੀਕਾ” ਨੂੰ ਡਾ. ਹਰਚੰਦ ਸਿੰਘ ਯੂ. ਐਸ. ਏ. ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਵਿੱਚ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਭਿੰਦਾ ਔਜਲਾ ਤੇ ਪ੍ਰੀਤੋ ਸਾਹਨੀ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਵਿੱਚ  ਅਮਰ ਨੂਰੀ, ਬੀ. ਕੇ ਸਿੰਘ ਰੱਖੜਾ, ਭਿੰਦਾ ਔਜਲਾ, ਪ੍ਰੀਤੋ ਸਾਹਨੀ, ਮਾਸਟਰ ਸੁਹੇਲ ਸਿੱਧੂ, ਕਮਲਜੀਤ ਨੀਰੂ, ਅਸ਼ੋਕ ਟਾਗਰੀ, ਮਲਕੀਤ ਮੀਤ, ਜਸਵੀਰ ਨਿੱਝਰ ਸਿੱਧੂ, ਡਾ. ਹਰਚੰਦ ਸਿੰਘ, ਪ੍ਰੀਤੀ ਰਾਏ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ  ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਆਪਣੀ ਰੋਜ਼ੀ ਰੋਟੀ ਲਈ ਪਿੰਡ ਛੱਡ ਆਏ ਪਰੰਤੂ ਪਿੰਡ ਨੇ ਉਨ੍ਹਾਂ ਨੂੰ ਨਹੀਂ ਛੱਡਿਆ। ਬੇਸ਼ੱਕ  ਜੁੰਮੇਵਾਰੀਆਂ ਦਾ ਬੋਝ ਚੁੱਕਦਿਆਂ  ਬੁੱਢੇ ਹੋ ਗਏ ਪਰ ਆਪਣੀ ਵਿਰਾਸਤ, ਸੱਭਿਆਚਾਰ ਨਾਲੋਂ ਟੁੱਟੇ ਨਹੀਂ। ਜਿਸ ਵਿਰਾਸਤ ਨੂੰ ਅਸਲ ਪੰਜਾਬ ਦੇ ਲੋਕ ਭੁਲਦੇ ਜਾ ਰਹੇ ਹਨ, ਇੰਨ੍ਹਾਂ ਨੇ ਵਿਦੇਸ਼ਾਂ ਵਿਚ ਰਹਿ ਕੇ ਵੀ ਸਾਂਭਣ ਦਾ ਯਤਨ ਕੀਤਾ ਹੈ । ਇਹ ਫ਼ਿਲਮ ਇੱਕ ਪਰਿਵਾਰਕ ਕਹਾਣੀ ਹੈ ਜਿਸ ਵਿਚ ਦਾਦਾ ਪੋਤਾ ਦਾ ਪਿਆਰ, ਨੂੰਹ ਸੱਸ ਦੀ ਨੋਕ ਝੋਕ ਹੈ, ਅੱਲ੍ਹੜ ਦਿਲਾਂ ਦੀ ਮੁਹੱਬਤੀ ਬਾਤ ਹੈ, ਇਸ ਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਸਾਂਝ ਦਿਖਾਈ ਗਈ ਹੈ। ਇਸ ਵਿਚ ਜ਼ਿੰਦਗੀ ਦੇ ਹਰੇਕ ਰੰਗ ਨੂੰ ਪੇਸ਼ ਕੀਤਾ ਗਿਆ ਹੈ।

ਇਸ ਦੇ ਨਿਰਦੇਸ਼ਕ ਸਿਨਰਨ ਸਿੰਘ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਬਣਾਉਣ ਦਾ ਖਿਆਲ ਉਹਨਾਂ ਨੂੰ ਅਮਰੀਕਾ ਵਿੱਚ ਰਹਿੰਦੇ ਇੱਕ ਬੁਜਰਗ ਜੋੜੇ ਤੋਂ ਆਇਆ। ਇਸ ਬੁਜਰਗ ਜੋੜੇ ਨੇ, ਪੁਰਾਤਨ ਵਿਰਸੇ ਦੀ ਨਿਸ਼ਾਨੀ ਪਿਤੱਲ, ਕਾਂਸੀ ਦੇ ਬਰਤਨਾਂ ਸਮੇਤ  ਪੰਜਾਬ ਦੇ ਰਵਾਇਤੀ ਭਾਂਡੇ ਛੱਜ, ਮਧਾਣੀਆਂ ਆਦਿ ਨੂੰ ਇੱਕ ਵਿਰਾਸਤੀ ਅਜਾਇਬ ਘਰ ਵਜੋਂ ਵੇਖਿਆ। ਉਹਨਾਂ  ਸੋਚਿਆ ਕਿ ਪੰਜਾਬ ਤੋਂ ਦੂਰ ਆ ਕੇ ਵੀ ਇਹ ਜੋੜਾ ਪੰਜਾਬ ਦੇ ਕਲਚਰ ਤੋਂ ਵੱਖ ਨਹੀਂ ਹੋਇਆ, ਜਦ ਉਹਨਾਂ ਕਲਚਰ ਦੀ ਇੱਕ ਫੋਟੋ ਅਮਰੀਕਾ ਵਿਚ ਵਸਿਆ ਪਿੰਡ ਕੈਪਸ਼ਨ ਲਿਖ ਕੇ  ਫੇਸਬੁੱਕ ਤੇ ਪਾਈ ਤਾਂ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਬਾਰੇ ਫ਼ਿਲਮ ਬਣਾਉਣ ਦੀ ਸਲਾਹ ਦਿੱਤੀ। ਹੁਣ ਇਹ ਫ਼ਿਲਮ ਬਣਕੇ ਤਿਆਰ ਹੈ। ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ  ਇਸ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ।  ਫ਼ਿਲਮ ਦੇ ਗੀਤ ਫਿਰੋਜ਼ ਖਾਨ, ਅਮਰ ਨੂਰੀ, ਅਲਾਪ ਸਿਕੰਦਰ, ਸ਼ਾਰੰਗ ਸਿਕੰਦਰ ਤੇ ਰਵੀ ਥਿੰਦ ਨੇ ਗਾਏ ਹਨ। ਇਨ੍ਹਾਂ ਗੀਤਾਂ ਨੂੰ ਬਾਬਾ ਨਜ਼ਮੀ, ਪ੍ਰੀਤ ਸੋਹਲ, ਮਲਕੀਤ ਮੀਤ ਅਤੇ ਜੀਤਾ ਉਪਲ ਨੇ ਲਿਿਖਆ ਹੈ। ਸੰਗੀਤ ਅਹਿਮਦ ਅਲੀ ਅਤੇ ਸ਼ਾਰੰਗ ਸਿਕੰਦਰ ਨੇ ਦਿੱਤਾ ਹੈ।