ਲਾਲਜੀਤ ਸਿੰਘ ਭੁੱਲਰ ਵੱਲੋਂ ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਈਐਸਆਈ ਦੇ ਦਾਇਰੇ ਵਿੱਚ ਲਿਆਉਣ ਦੇ ਹੁਕਮ
ਚੰਡੀਗੜ੍ਹ, 20 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਇੰਪਲਾਈਜ਼ ਸਟੇਟ ਇੰਸ਼ੋਰੈਂਸ (ਈਐਸਆਈ) ਦੇ ਦਾਇਰੇ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ।ਅੱਜ ਇੱਥੇ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਆਗੂਆਂ ਨਾਲ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬ ਰਾਜ ਵਲੋਂ ਬੀਤੇ ਸਾਲ ਦੌਰਾਨ ਮਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਅਣਥੱਕ ਮਿਹਨਤ ਸਦਕਾ ਹੀ ਦੇਸ਼ ਭਰ ਵਿਚ ਮਗਨਰੇਗਾ ਸਕੀਮ ਲਾਗੂ ਕਰਨ ਵਿੱਚ ਪੰਜਾਬ ਰਾਜ ਦੀ ਬੀਤੇ ਵਰਿ੍ਹਆ ਦੀ ਪੁਜੀਸ਼ਨ ਨਾਲੋਂ ਸੁਧਾਰ ਹੋਇਆ ਹੋਇਆ ਹੈ। ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਜਾਣੂ ਕਰਵਾਇਆ ਗਿਆ , ਜਿਹਨਾਂ ਨੂੰ ਮੰਤਰੀ ਵੱਲੋਂ ਤੁਰੰਤ ਹੱਲ ਕੀਤਾ ਗਿਆ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਮਗਨਰੇਗਾ ਸਕੀਮ ਅਧੀਨ ਕੰਟਰੈਕਟ ਉਤੇ ਲਏ ਜਾਣ ਵਾਲੇ ਮੁਲਾਜ਼ਮਾਂ ਦਾ ਕੰਟਰੈਕਟ ਪੀਰੀਅਡ ਇੱਕ ਸਾਲ ਕਰਨ ਸਬੰਧੀ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੱਤਰ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਜਿਹਨਾਂ ਮਗਨਰੇਗਾ ਕਰਮਚਾਰੀਆਂ ਨੂੂੰ ਟੀਚਾ ਪੂਰਾ ਨਾ ਕਰਨ ਕਾਰਨ ਨੌਕਰੀਓਂ ਕੱਢਿਆ ਗਿਆ ਹੈ , ਉਹਨਾਂ ਸਬੰਧੀ ਚੈਕਿੰਗ ਕਰਵਾਉਣ ਦੇ ਅਦੇਸ਼ ਵੀ ਦਿੱਤੇ ਗਏ । ਇਸ ਤੋਂ ਇਲਾਵਾ ਉਹਨਾਂ ਮਨਰੇਗਾ ਵਿੱਚ ਸਟਾਫ ਦੀ ਘਾਟ ਨੂੰ ਦੂਰ ਕਰਨ ਅਤੇ ਸੋਸ਼ਲ ਆਡਿਟ ਕਰਨ ਵਾਲੀਆਂ ਟੀਮਾਂ ਨੂੰ ਯੋਗ ਟਰੇਨਿੰਗ ਦੇਣ ਦੇ ਵੀ ਹੁਕਮ ਦਿੱਤੇ।