26 ਸਤੰਬਰ ਤੋਂ ਸ਼ੁਰੂ ਹੋਣਗੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ26 ਸਤੰਬਰ ਤੋਂ ਸ਼ੁਰੂ ਹੋਣਗੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ
ਮੋਗਾ, 19 ਸਤੰਬਰ (ਜਸ਼ਨ,ਸਟਰਿੰਗਰ ਦੂਰਦਰਸ਼ਨ)ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ''ਖੇਡਾਂ ਵਤਨ ਪੰਜਾਬ ਦੀਆਂ-2023'' ਅਧੀਨ ਜ਼ਿਲ੍ਹਾ ਮੋਗਾ ਵਿੱਚ ਬਲਾਕ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ।ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 26 ਸਤੰਬਰ ਤੋਂ 5 ਅਕਤੂਬਰ, 2023 ਤੱਕ ਆਯੋਜਿਤ ਕਰਵਾਏ ਜਾ ਰਹੇ ਹਨ ਜਿੰਨ੍ਹਾਂ ਦੀ ਰਜਿਸਟ੍ਰੇਸ਼ਨ ਲਈ ਖਿਡਾਰੀ https://www.khedanwatanpunjabdia.com ਉੱਪਰ ਮਿਤੀ 25 ਸਤੰਬਰ ਤੱਕ ਕਰਵਾ ਸਕਦੇ ਹਨ। ਆਫਲਾਈਨ ਰਜਿਸਟ੍ਰੇਸ਼ਨ ਲਈ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨੂੰ ਸੁਚੱਜੇ ਤਰੀਕੇ ਨਾਲ ਅਤੇ ਖਿਡਾਰੀਆਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦਿੱਤੇ ਨੇਪਰੇ ਚੜਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅੱਜ ਵੱਖ ਵੱਖ ਵਿਭਾਗਾਂ ਨਾਲ ਰੀਵਿਊ ਮੀਟਿੰਗ ਕੀਤੀ ਅਤੇ ਵਿਭਾਗਾਂ ਨੂੰ ਡਿਊਟੀਆਂ ਸੌਂਪੀਆਂ। ਉਨ੍ਹਾਂ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਖਿਡਾਰੀਆਂ ਲਈ ਪੀਣ ਵਾਲੇ ਪਾਣੀ, ਰਿਫਰੈਸ਼ਮੈਂਟ ਦਾ ਖਾਸ ਖਿਆਲ ਰੱਖਣ ਦੇ ਆਦੇਸ਼ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਖਿਡਾਰੀਆਂ ਦੇ ਉਜਵੱਲ ਅਤੇ ਨਸ਼ਾ ਰਹਿਤ ਭਵਿੱਖ ਲਈ ਸਹਾਈ ਸਿੱਧ ਹੋਣਗੀਆਂ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕਮੁਦ ਬਾਂਬਾ ਵੀ ਹਾਜ਼ਰ ਸਨ। ਮੀਟਿੰਗ ਵਿੱਚ ਮੌਜੂਦ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਸ਼੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਮੋਗਾ ਦੇ ਵੱਖ ਵੱਖ 9 ਸਥਾਨਾਂ ਉੱਪਰ ਆਯੋਜਿਤ ਕਰਵਾਈਆਂ ਜਾਣਗੀਆਂ, ਇਨ੍ਹਾਂ ਵਿੱਚ ਬਲੂਮਿੰਗ ਬਡਜ਼ ਸਕੂਲ ਮੋਗਾ, ਗੋਧੇਵਾਲਾ ਇੰਨਡੋਰ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਰਣਧੀਰ, ਸ਼ਹੀਦ ਜੈਮਲ ਸਿੰਘ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸਕੂਲ ਗਲੋਟੀ, ਟਾਊਨ ਹਾਲ ਨਗਰ ਨਿਗਮ ਮੋਗਾ, ਗੁਰੂ ਨਾਨਕ ਕਾਲਜ ਮੋਗਾ, ਹਾਕੀ ਐਸਟਰੋਟਰਫ ਸਟੇਡੀਅਮ ਢੁੱਡੀਕੇ, ਡੀ.ਐਨ. ਮਾਡਲ ਸਕੂਲ ਮੋਗ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵੱਖ ਵੱਖ ਤਰ੍ਹਾਂ ਦੇ, ਵੱਖ ਵੱਖ ਵਰਗਾਂ ਲਈ 25 ਦੇ ਕਰੀਬ ਖੇਡ ਮੁਕਾਬਲੇ ਜ਼ਿਲ੍ਹਾ ਪੱਧਰ ਉੱਪਰ ਆਯੋਜਿਤ ਕਰਵਾਏ ਜਾਣਗੇ। ਇਨ੍ਹਾਂ ਵਿੱਚ ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਸ਼ਤਰੰਜ, ਫੁੱਟਬਾਲ, ਗਤਕਾ, ਹੈਂਡਬਾਲ, ਹਾਕੀ, ਜੂਡੋ, ਕਬੱਡੀ (ਰਾਸ਼ਟਰੀ ਸਟਾਈਲ), ਕਬੱਡੀ (ਸਰਕਲ ਸਟਾਈਲ), ਖੋ-ਖੋ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸ਼ੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ (ਸਮੈਸ਼ੰਿਗ), ਵਾਲੀਬਾਲ (ਸ਼ੂਟਿੰਗ), ਭਾਰ ਚੁੱਕਣਾ, ਕੁਸ਼ਤੀ ਸ਼ਾਮਿਲ ਹਨ।
ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬ ਤੋਂ 25 ਅਕਤੂਬਰ ਤੱਕ ਆਯੋਜਿਤ ਕੀਤੇ ਜਾਣਗੇ।