ਨਗਰ ਨਿਗਮ ਮੋਗਾ ਵੱਲੋਂ ''ਸਵੱਛਤਾ ਹੀ ਸੇਵਾ'' ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਜੋਰਾਂ 'ਤੇ ਜਾਰੀ

ਮੋਗਾ, 19 ਸਤੰਬਰ (ਜਸ਼ਨ,ਸਟਰਿੰਗਰ ਦੂਰਦਰਸ਼ਨ) :ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਮੋਗਾ ਵੱਲੋਂ ਸਵੱਛਤਾ ਹੀ ਸੇਵਾ (ਇੰਡੀਅਨ ਸਵੱਛਤਾ ਲੀਗ 2.0) ਪ੍ਰੋਗਰਾਮ ਤਹਿਤ ਸਫ਼ਾਈ ਅਤੇ ਹੋਰ ਗਤੀਵਿਧੀਆਂ ਜੰਗੀ ਪੱਧਰ ਉੱਪਰ ਜਾਰੀ ਰੱਖੀਆਂ ਜਾ ਰਹੀਆਂ ਹਨ ਜਿਹੜੀਆਂ ਕਿ 2 ਅਕਤੂਬਰ, 2023 ਤੱਕ ਲਗਾਤਾਰ ਚੱਲਣਗੀਆਂ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਫ਼ ਸਫ਼ਾਈ ਅਤੇ ਕੂੜੇ/ਰਹਿੰਦ ਖੂੰਹਦ ਦੀ ਸਹੀ ਸੈਗਰੀਗੇਸ਼ਨ ਸਬੰਧੀ ਜਾਗਰੂਕ ਕਰਨਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਇਹ ਗਤੀਵਿਧੀਆਂ 17 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਸ਼੍ਰੀ ਰਾਮ ਸੀਨੀਅਰ ਵਿਦਿਆ ਮਾਡਲ ਸਕੂਲ, ਵਾਰਡ ਨੰਬਰ 13  ਅਤੇ 26 ਵਿੱਚ ਸੌਰਸ ਸੈਗਰੀਗੇਸ਼ਨ ਦੇ ਲਾਈਵ ਡੈਮੋ ਲਗਾਏ ਗਏ ਅਤੇ ਲੋਕਾਂ ਨੂੰ ਹੋਮ ਕਮਪੋਸਟਿੰਗ ਕਰਨ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੌਰਸ ਸੈਗਰੀਗੇਸ਼ਨ ਤੋਂ ਭਾਵ ਵੱਖ ਵੱਖ ਤਰ੍ਹਾਂ ਦੇ ਕੂੜੇ ਨੂੰ ਉਸਦੀਆਂ ਕਿਸਮਾਂ ਅਨੁਸਾਰ ਵੱਖ ਵੱਖ ਸਟੋਰ ਕਰਨ ਤੋਂ ਹੈ, ਜਿਵੇਂ ਕਿ ਭੋਜਨ ਦੀ ਰਹਿੰਦ ਖੂੰਹਦ, ਕਾਗਜ, ਪਲਾਸਟਿਕ, ਕੱਚ, ਐਲੂਮੀਨੀਅਮ ਦੇ ਡੱਬੇ, ਲੋਹਾ, ਧਾਤ ਆਦਿ ਵੱਖ ਵੱਖ ਸਟੋਰ ਕਰਨਾ ਚਾਹੀਦਾ ਹੈ।   ਇਸ ਮੌਕੇ ਸਵੱਛ ਭਾਰਤ ਦੇ ਆਈ.ਈ.ਸੀ. ਮਾਹਿਰ ਗੁਰਲਾਲ ਸਿੰਘ ਅਤੇ ਪ੍ਰੋਗਰਾਮ ਕੋਰਡੀਨੇਟਰ ਸੀਮਾ ਵਲੋਂ ਮਹਿਲਾਵਾਂ ਨੂੰ ਆਪਣੀ ਰਸੋਈ ਦੇ ਵਿੱਚ ਹੀ ਘਰਾਂ ਦਾ ਗਿਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਰੱਖਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਘਰਾਂ ਦੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਲਈ ਵੀ ਵਿਸਥਾਰ ਨਾਲ ਦੱਸਿਆ ਗਿਆ। ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਕੱਪੜੇ ਦੇ ਬੈਗਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ।ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਸਵੱਛਤਾ ਲੀਗ ਨੂੰ ਸਫ਼ਲਤਾਪੂਰਵਕ ਅਤੇ ਅਸਰਦਾਇਕ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਚੀਫ ਸੈਨਟਰੀ ਇੰਸਪੈਕਟਰ ਸਤੀਸ਼ ਕੁਮਾਰ, ਸੁਮਨ ਕੁਮਾਰ, ਸੈਨਟਰੀ ਇੰਸਪੈਕਟਰ ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਹਜ਼ਾਰ ਸਨ।