ਗੋਲੀਆਂ ਮਾਰ ਕੇ ਕਾਂਗਰਸ ਬਲਾਕ ਪ੍ਰਧਾਨ ਦਾ ਕਤਲ, ਮੋਟਰ ਸਾਈਕਲ ਹਮਲਾਵਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ
ਮੋਗਾ, 18 ਸਤੰਬਰ (ਜਸ਼ਨ,ਸਟਰਿੰਗਰ ਦੂਰਦਰਸ਼ਨ) : ਜ਼ਿਲਾ ਮੋਗਾ ਵਿਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਅਤੇ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਦਿਨ ਦਿਹਾੜੇ ਬੱਲੀ ਦੇ ਘਰ ’ਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ । ਮਿਲੀ ਜਾਣਕਾਰੀ ਅਨੁਸਾਰ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਜੋ ਪਿੰਡ ਦੇ ਨੰਬਰਦਾਰ ਵੀ ਸਨ ਉਨ੍ਹਾਂ ਦੇ ਫੋਨ ’ਤੇ ਕਿਸੇ ਨੇ ਫੋਨ ਕੀਤਾ ਕਿ ਕਿਸੇ ਜ਼ਰੂਰੀ ਦਸਤਾਵੇਜਾਂ ’ਤੇ ਸਨਾਖ਼ਤੀ ਦਸਤਖ਼ਤ ਕਰਵਾਉਣੇ ਹਨ ਅਤੇ ਇਸੇ ਤਹਿਤ ਹੀ ਹਮਲਾਵਰ ਦਸਤਖ਼ਤ ਕਰਵਾਉਣ ਦੇ ਬਹਾਨੇ ਨਾਲ ਮੋਟਰ ਸਾਈਕਲ ’ਤੇ ਆਏ ਅਤੇ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ। ਬਲਜਿੰਦਰ ਸਿੰਘ ਆਪਣੇ ਘਰ ਵਿਚ ਹੀ ਵਾਲ ਕਟਿੰਗ ਕਰਵਾ ਰਿਹਾ ਸੀ ਤਾਂ ਹਮਲਾਵਰਾਂ ਨੇ 12 ਬੋਰ ਦੀ ਬੰਦੂਕ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਗੋਲੀ ਬੱਲੀ ਦੀ ਛਾਤੀ ਅਤੇ ਇਕ ਢਿੱਡ ਦੇ ਹੇਠਲੇ ਹਿੱਸੇ ’ਤੇ ਲੱਗੀ ਅਤੇ ਇਸ ਮਗਰੋਂ ਜ਼ਖਮੀ ਹਾਲਤ ਵਿਚ ਪ੍ਰਧਾਨ ਬੱਲੀ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲਾ ਪੁਲਸ ਮੁਖੀ ਜੇ.ਇਲਨਚੇਲੀਅਨ, ਐਸ.ਪੀ ਡੀ ਅਜੇ ਰਾਜ ਸਿੰਘ, ਥਾਣਾ ਮਹਿਣਾ ਦੇ ਮੁੱਖ ਅਫਸਰ ਰਜਿੰਦਰ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐਸ.ਪੀ ਡੀ ਅਜੇ ਰਾਜ ਸਿੰਘ ਦਾ ਕਹਿਣਾ ਸੀ ਕਿ ਸੀਸੀਟੀਵੀ ਕੈਮਰਿਆਂ ਫੁਟੇਜ ਅਤੇ ਹੋਰ ਵਿਧੀ ਰਾਹੀਂ ਕਾਤਲਾਂ ਦਾ ਖੁਰਾਖੋਜ ਲੱਭਿਆ ਜਾ ਰਿਹਾ ਹੈ। ਦੂਜੇ ਪਾਸੇ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਸੋਹਣਾ ਖੇਲ੍ਹਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਕਰ ਕੇ ਦਿਨ ਦਿਹਾੜੇ ਕਤਲ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਾਤਲਾਂ ਦੀ ਤੁਰੰਤ ਗਿ੍ਰਫਤਾਰੀ ਕੀਤੀ ਜਾਵੇ।