ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ ਮੌਕੇ "ਹੂਕ ਸੱਤ ਸਮੁੰਦਰੋਂ ਪਾਰ ਦੀ" ਪੁਸਤਕ ਲੋਕ ਅਰਪਣ
ਜਗਰਾਉਂ 17 ਸਤੰਬਰ ( JASHAN )ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ,ਜਿਸ ਵਿੱਚ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਾਹਿਤ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਚਰਚਾ ਹੋਈ। ਸ਼ੁਰੂਆਤੀ ਦੌਰ ਅੰਦਰ ਵਿਛੜੀਆਂ ਸਾਹਿਤਕ ਸ਼ਖ਼ਸੀਅਤਾਂ ਮਾਂ.ਤਰਲੋਚਨ ਸਿੰਘ ,ਦੇਸ਼ ਰਾਜ ਕਾਲੀ , ਹਰਜਿੰਦਰ ਬੱਲ, ਸ਼ਿਵ ਨਾਥ ,ਜਗਜੀਤ ਕੁੰਡਲ ਮੇਘ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਇਲਾਕੇ ਦੇ ਪ੍ਰਵਾਸੀ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਦੀ ਪੁਸਤਕ " ਹੂਕ ਸੱਤ ਸਮੁੰਦਰੋਂ ਪਾਰ ਦੀ" ਲੋਕ ਅਰਪਣ ਕੀਤੀ ਗਈ। ਉਪਰੰਤ ਇਸ ਪੁਸਤਕ 'ਤੇ ਚਰਚਾ ਹੋਈ ਜਿਸ ਵਿੱਚ ਐਚ ਐਸ ਡਿੰਪਲ,ਕਰਮ ਸਿੰਘ ਸੰਧੂ,ਅਵਤਾਰ ਜਗਰਾਉਂ,ਅਜੀਤ ਪਿਆਸਾ , ਮਾਂ.ਹਰਬੰਸ ਸਿੰਘ ਅਖਾੜਾ ਤੇ ਕੁਲਦੀਪ ਸਿੰਘ ਲੋਹਟ ਨੇ ਸੰਖੇਪ ਰੂਪ 'ਚ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।ਉਪਰੰਤ ਕਵੀ ਦਰਬਾਰ ਹੋਇਆ ਜਿਸ ਦੀ ਸ਼ੁਰੂਆਤ ਕਰਦਿਆਂ ਹਰਬੰਸ ਸਿੰਘ ਅਖਾੜਾ ਨੇ "ਕਾਮੇ ਦਾ ਦਿਨ " ਪੇਸ਼ ਕੀਤੀ।ਅਵਤਾਰ ਜਗਰਾਉਂ ਨੇ ਰੁਬਾਈ ਤੇ ਐਚ .ਐਸ. ਡਿੰਪਲ ਨੇ" ਆਮ ਲੋਕ " ਪੇਸ਼ ਕਰਕੇ ਹਾਜ਼ਰੀ ਭਰੀ।ਸਰਦੂਲ ਸਿੰਘ ਲੱਖਾ ਨੇ "ਆਵਾਂਗੀ " ਕਵਿਤਾ ਰਾਹੀਂ ਮਾਹੌਲ ਨੂੰ ਹੋਰ ਸਰਗਰਮ ਕੀਤਾ।ਸਾਹਿਤ ਸਭਾ ਦੇ ਮੰਝੇ ਹੋਏ ਅਦੀਬ ਅਜੀਤ ਪਿਆਸਾ ਨੇ "ਚੁੱਪ " ਕਵਿਤਾ ਰਾਹੀਂ ਉਸਾਰੂ ਬਹਿਸ ਛੇੜੀ ਜਿਸ 'ਤੇ ਲਗਭਗ ਸਾਰੇ ਸਾਹਿਤਕਾਰਾਂ ਨੇ ਭਾਵਨਾਤਮਿਕ ਟਿੱਪਣੀਆਂ ਕੀਤੀਆਂ।ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਨੇ ਸਭਾ ਦੀਆਂ ਸਰਗਰਮੀਆਂ ਤੇ ਭਵਿੱਖ ਅੰਦਰ ਸਾਹਿਤਕ ਕਾਰਜਾਂ ਦੀ ਤਰਤੀਬ ਸਾਂਝੀ ਕੀਤੀ ਤੇ ਅਗਲੇ ਦਿਨਾਂ 'ਚ ਇਕ ਵੱਡਾ ਤੇ ਖੁੱਲ੍ਹਾ ਸਾਹਿਤਕ ਸਮਾਗਮ ਕਰਵਾਉਣ ਦੀ ਗੱਲ ਰੱਖੀ ਜਿਸ 'ਤੇ ਪ੍ਰਤੀਕਿਰਿਆ ਦਿੰਦਿਆਂ ਸਮੂਹ ਮੈਂਬਰਾਨ ਤੇ ਅਹੁਦੇਦਾਰਾਂ ਨੇ ਇਸ ਸਮਾਗਮ ਲਈ ਪੂਰਨ ਸਹਿਮਤੀ ਪ੍ਰਗਟਾਈ।ਮੰਚ ਦਾ ਸੰਚਾਲਨ ਦਲਜੀਤ ਕੌਰ ਹਠੂਰ ਨੇ ਕੁਸ਼ਲਤਾ ਪੂਰਵਕ ਕੀਤਾ।ਇਸ ਮੌਕੇ ਗੁਰਦੀਪ ਸਿੰਘ ਹਠੂਰ ਵੀ ਉਚੇਚੇ ਤੌਰ'ਤੇ ਹਾਜ਼ਰ ਸਨ।