ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਭਲੇ ਦਾ ਪ੍ਰਤੀਕ ਹੈ-ਬਾਬਾ ਗੁਰਦੀਪ ਸਿੰਘ

ਬਾਘਾਪੁਰਾਣਾ , 17 ਸਤੰਬਰ (ਜਸ਼ਨ): ਮਾਲਵੇ ਦੇ ਪ੍ਰਸਿੱਧ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ । ਇਸ ਮੌਕੇ ਇਕੱਤਰ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਮਹੱਤਤਾ ਦੱਸਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਸਮੁੱਚੀ ਬਾਣੀ ਵਿਚ ਸੱਚੇ ਸੁੱਚੇ ਕਰਮ ਕਰਦੇ ਹੋਏ ਅਕਾਲ ਪੁਰਖ ਦਾ ਨਾਮ ਸਦਾ ਸਿਮਰਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ । ਗੁਰੂ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਜੀਵਨ ਦਾ ਆਧਾਰ ਦੱਸਿਆ ਗਿਆ ਹੈ । ਇਸ ਤੋਂ ਇਲਾਵਾ ਬਾਣੀ ਵਿਚ ਅਧਿਆਤਮਵਾਦ ਦੇ ਨਾਲ-ਨਾਲ ਸੰਸਾਰਿਕ ਕਦਰਾਂ-ਕੀਮਤਾਂ ਅਤੇ ਪੌਰਾਣਿਕ ਹਵਾਲੇ ਵੀ ਦਿੱਤੇ ਗਏ । ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੱਚ ਦਾ ਪ੍ਰਕਾਸ਼ ਹੈ, ਇਕੋ ਇਕ ਅਕਾਲ ਪੁਰਖ ਦਾ ਨਾਮ ਸਿਮਰਨ ਕਰਨ ਤੇ ਉਸ ਨੂੰ ਯਾਦ ਰੱਖਣ ਦਾ ਆਦੇਸ਼ ਹੈ । ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਲਈ ਸਿਰਫ਼ ਧਰਮ ਗ੍ਰੰਥ ਹੀ ਨਹੀਂ ਬਲਕਿ ਚਵਰ ਤਖ਼ਤਾਂ ਦੇ ਮਾਲਕ, ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰ-ਗੱਦੀ ‘ਤੇ ਬਿਰਾਜਮਾਨ ਹਨ ।