ਪੰਜਾਬ ਸਰਕਾਰ ਸੂਬੇ ਨੂੰ ਹਰੇਕ ਖੇਤਰ ਵਿੱਚ ਕਾਮਯਾਬ ਕਰਨ ਲਈ ਇਮਾਨਦਾਰ ਤੇ ਸੱਚੀ ਸੋਚ ਨਾਲ ਲਗਾਤਾਰ ਯਤਨਸ਼ੀਲ- ਸਪੀਕਰ ਕੁਲਤਾਰ ਸਿੰਘ ਸੰਧਵਾਂ

ਮੋਗਾ, 17 ਸਤੰਬਰ (ਜਸ਼ਨ):ਪੰਜਾਬ ਸਰਕਾਰ, ਪੰਜਾਬ ਸੂਬੇ ਨੂੰ ਸਿਹਤ, ਸਿੱਖਿਆ, ਖੇਡਾਂ, ਹੁਨਰ ਵਿਕਾਸ ਅਤੇ ਹੋਰ ਹਰੇਕ ਮਹੱਤਵਪੂਰਨ ਖੇਤਰਾਂ ਵਿੱਚ ਕਾਮਯਾਬ ਕਰਨ ਲਈ ਇਮਾਨਦਾਰ ਅਤੇ ਸੱਚੀ ਸੋਚ ਨਾਲ ਲਗਾਤਾਰ ਯਤਨਸ਼ੀਲ ਹੈ। ਆਮ ਆਦਮੀ ਪਾਰਟੀ ਦੀ ਚੰਗੀ ਅਤੇ ਇਮਾਨਦਾਰੀ ਵਾਲੀ ਸੋਚ ਕਰਕੇ ਅੱਜ ਕਾਬਿਲ ਅਤੇ ਯੋਗਤਾ ਰੱਖਣ ਵਾਲੇ ਨੌਜਵਾਨਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋਂ ਬਹੁ ਗਿਣਤੀ ਵਿੱਚ ਲਗਾਤਾਰ ਸਰਕਾਰੀ ਨੌਕਰੀਆਂ ਮੁੱਹਈਆ ਕਾਰਵਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦੇ ਸਖ਼ਤ ਦਿਸ਼ਾ ਨਿਰਦੇਸ਼ਾਂ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਕੱਢ ਕੇ ਓਹਨਾਂ ਦੀਆਂ ਭਰਤੀ ਪ੍ਰਕਿਰਿਆਵਾਂ ਨੂੰ ਥੋੜੇ ਸਮੇਂ ਵਿੱਚ ਹੀ ਨੇਪਰੇ ਚਾੜਿਆ ਜਾ ਰਿਹਾ ਹੈ, ਅਜਿਹੀ ਸੋਚ ਕਰਕੇ ਨੌਜਵਾਨਾਂ ਤੋਂ ਇਲਾਵਾ ਹਰੇਕ ਵਰਗ ਦੇ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਹਨ।ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਵੀ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਰਾਹਾਂ ਤੋਂ ਮੋੜਿਆ ਜਾ ਸਕੇ, ਜਿਸ ਵਿੱਚ ਖਿਡਾਰੀਆਂ ਨੂੰ ਲੱਖਾਂ ਦੇ ਇਨਾਮ ਵੀ ਤਕਸੀਮ ਕੀਤੇ ਜਾਣਗੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਵਰਲਡ ਮਿਲੇਨੀਅਮ ਸਕੂਲ ਪੰਜਗਰਾਈਂ ਖੁਰਦ ਵਿਖੇ ਕੀਤਾ। ਉਹਨਾਂ ਇਥੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਸ਼ਿਰਕਤ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਸਕੂਲ ਦੀ ਨਵੀਂ ਬਣੀ ਮੈਨੇਜਮੈਂਟ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਲੋੜਵੰਦ ਅਤੇ ਗਰੀਬ ਪਰਿਵਾਰ ਦਾ ਬੱਚਾ ਇਸ ਸਕੂਲ ਜਰੀਏ ਸਿੱਖਿਆ ਪ੍ਰਾਪਤ ਕਰਨੀ ਚਾਹੁੰਦਾ ਹੈ ਤਾਂ ਉਸਨੂੰ ਮੁਫ਼ਤ ਸਿੱਖਿਆ ਮੁਹਈਆ ਕਰਵਾਈ ਜਾਵੇਗੀ। ਸਕੂਲ ਮੈਨੇਜਮੈਂਟ ਦੇ ਇਸ ਉਪਰਾਲੇ ਦੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਮਨਜੀਤ ਸਿੰਘ ਬਰਾੜ, ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਦੀਪਕ ਅਰੋੜਾ, ਡਾਇਰੈਕਟਰ ਲਵਪ੍ਰੀਤ ਸਿੰਘ, ਐਮ ਡੀ ਜਸਕਰਨ ਸਿੰਘ, ਕਰਨਵੀਰ ਸਿੰਘ ਭਵਰਾ, ਮਨਪ੍ਰੀਤ ਸਿੰਘ ਧਾਲੀਵਾਲ ਪੀ ਅਰ ਓ ਸਪੀਕਰ ਪੰਜਾਬ ਵਿਧਾਨ ਸਭਾ, ਸੁਖਵਿੰਦਰ ਸਿੰਘ ਧਾਲੀਵਾਲ, ਬਿਕਰਮਜੀਤ ਸਿੰਘ ਸੰਨੀ, ਦੀਪਕ ਮੌਂਗਾ, ਵਰਿੰਦਰਪਾਲ ਸਿੰਘ ਰੱਤੀਆਂ ਲੀਗਲ ਸੈੱਲ ਪ੍ਰੈਜੀਡੈਂਟ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ।