ਭਗਵੰਤ ਮਾਨ ਸਰਕਾਰ ਨੇ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰ ਦਿੱਤੀ ਹੈ- ਅਰਵਿੰਦ ਕੇਜਰੀਵਾਲ

 ਚੰਡੀਗੜ੍ਹ/ਅੰਮ੍ਰਿਤਸਰ, 13 ਸਤੰਬਰ(ਇੰਟਰਨੈਸ਼ਨਲ  ਪੰਜਾਬੀ  ਨਿਊਜ਼  ਅੰਮ੍ਰਿਤਸਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਦੇ ਉਦਘਾਟਨ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ।  ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰ ਦਿੱਤੀ ਹੈ।ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਬਹੁਤ ਵਧੀਆ ਬਣਾਇਆ ਹੈ।ਦਿੱਲੀ ਦੇ ਲੱਖਾਂ ਮਾਪੇ ਆਪਣੇ ਬੱਚਿਆਂ ਦਾ ਨਾਂ ਪ੍ਰਾਈਵੇਟ ਸਕੂਲਾਂ ਤੋਂ ਕਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਹੁਣ ਪੰਜਾਬ ਦੇ ਸਰਕਾਰੀ ਸਕੂਲ ਵੀ ਸ਼ਾਨਦਾਰ ਬਣ ਰਹੇ ਹਨ। ਪੰਜਾਬ ਦੇ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹੁੰਦੇ ਜਾ ਰਹੇ ਹਨ।ਕੇਜਰੀਵਾਲ ਨੇ ਸ਼ਾਹਰੁਖ ਖਾਨ ਦੀ ਨਵੀਂ ਫਿਲਮ ਜਵਾਨ ਦੇ ਡਾਇਲਾਗ ਦਾ ਜ਼ਿਕਰ ਕੀਤਾ।  ਉਨ੍ਹਾਂ ਕਿਹਾ ਕਿ ਫਿਲਮ ਜਵਾਨ 'ਚ ਸ਼ਾਹਰੁਖ ਖਾਨ ਇਹ ਸੰਦੇਸ਼ ਦੇ ਰਹੇ ਹਨ ਕਿ ਧਰਮ ਦੇ ਨਾਂ 'ਤੇ ਵੋਟ ਨਾ ਪਾਓ।  ਚੋਣਾਂ ਵੇਲੇ ਜਦੋਂ ਲੀਡਰ ਤੁਹਾਡੀਆਂ ਵੋਟਾਂ ਮੰਗਣ ਆਉਂਦੇ ਹਨ ਤਾਂ ਪੁੱਛੋ ਕਿ ਤੁਸੀਂ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਕੀ ਕਰੋਗੇ? ਜੇਕਰ ਸਾਡੇ ਪਰਿਵਾਰ ਦਾ ਕੋਈ ਮੈਂਬਰ ਬੀਮਾਰ ਹੋ ਜਾਵੇ ਤਾਂ ਤੁਸੀਂ ਉਸ ਦੇ ਇਲਾਜ ਲਈ ਕੀ ਕਰੋਗੇ? ਅੱਜ ਆਮ ਆਦਮੀ ਪਾਰਟੀ ਭਾਰਤ ਦੀ ਇੱਕੋ ਇੱਕ ਪਾਰਟੀ ਹੈ ਜੋ ਚੰਗੀ ਸਿੱਖਿਆ ਅਤੇ ਚੰਗੇ ਇਲਾਜ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗਦੀ ਹੈ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਸੀਂ ਕਿਹਾ ਸੀ ਕਿ ਅਸੀਂ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਵਾਂਗੇ। ਅੱਜ ਸਾਡਾ ਵਾਅਦਾ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਹਰ 15 ਦਿਨਾਂ ਬਾਅਦ ਪੰਜਾਬ ਵਿੱਚ ਇੱਕ ‘ਸਕੂਲ ਆਫ਼ ਐਮੀਨੈਂਸ’ਤਿਆਰ ਹੋਵੇਗਾ। ਮਾਨ ਨੇ ਕਿਹਾ ਕਿ ਚੰਗੀ ਸਿੱਖਿਆ ਦੀ ਗਾਰੰਟੀ ਸਾਡੀ ਸਭ ਤੋਂ ਵੱਡੀ ਚੋਣ ਗਰੰਟੀ ਹੈ। ਇਸ ਲਈ ਅਸੀਂ ਸਿੱਖਿਆ ਪ੍ਰਣਾਲੀ ਅਤੇ ਸਰਕਾਰੀ ਸਕੂਲਾਂ ਨੂੰ ਪਹਿਲ ਦੇ ਆਧਾਰ 'ਤੇ ਸੁਧਾਰਨ ਲਈ ਕੰਮ ਕੀਤਾ।  ਹੁਣ ਇਸ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਸਾਡੀ ਸਰਕਾਰ ਬਣਨ ਤੋਂ ਬਾਅਦ ਲੋਕ ਆਪਣੇ ਬੱਚਿਆਂ ਦਾ ਨਾਂ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਆਵਾਜਾਈ ਦੀ ਕੋਈ ਸਹੂਲਤ ਨਹੀਂ ਸੀ, ਜਿਸ ਕਾਰਨ ਬੱਚੇ ਸਕੂਲ ਨਹੀਂ ਪਹੁੰਚ ਸਕਦੇ ਸਨ।  ਹੁਣ ਅਸੀਂ ਆਵਾਜਾਈ ਦੇ ਵੀ ਪ੍ਰਬੰਧ ਕੀਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ।