ਸੁੱਖੀ ਬਾਠ ਵੱਲੋਂ ਸਾਹਿਤਕ ਸ਼ਖਸੀਅਤਾਂ ਨੂੰ ਮੰਚ ਮੁਹਈਆ ਕਰਵਾ ਕੇ, ਕਲਮਾਂ ਦਾ ਮੇਲਾ ਲਗਾਉਣਾ ਮੁਬਾਰਕ ਕਦਮ ਹੈ : ਪ੍ਰੋ: ਸੁਰਜੀਤ ਸਿੰਘ ਕਾਉਂਕੇ

ਮੋਗਾ, 9 ਸਤੰਬਰ (ਜਸ਼ਨ): ‘ ਪੰਜਾਬੀ ਭਾਸ਼ਾ , ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਕਰਮਸ਼ੀਲ ਯੋਧੇ ਵਾਂਗ ਸੇਵਾਵਾਂ ਨਿਭਾਅ ਰਹੇ  ਸੁੱਖੀ ਬਾਠ ‘ਤੇ ਹਰ ਪੰਜਾਬੀ ਨੂੰ ਮਾਣ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੁਘੇ ਲੇਖਕ ਸੁਰਜੀਤ ਸਿੰਘ ਕਾਉਂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪੰਜਵੇਂ ਵਿਸ਼ਵ ਸਾਲਾਨਾ ਸਮਾਗਮ ਦਾ ਆਯੋਜਨ ਕਰਨਾ ਨਿਸ਼ਚੈ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਤਾਂ ਹੈ ਹੀ ਸਗੋਂ ਇਸ ਉਪਰਾਲੇ ਸਦਕਾ ਵਿਰਸੇ ਦੀ ਸੰਭਾਲ ਵੀ ਹੋ ਸਕੇਗੀ। ਸੁਰਜੀਤ ਸਿੰਘ ਕਾਉਂਕੇ ਨੇ ਆਖਿਆ ਕਿ ਹਰ ਸਾਲ ਇਸ ਸਮਾਗਮ ਦੌਰਾਨ ਸੁੱਖੀ ਬਾਠ ਸਾਹਿਤਕ ਸ਼ਖਸੀਅਤਾਂ ਨੂੰ ਵੱਖ ਵੱਖ ਦੇਸ਼ਾਂ ‘ਚੋਂ ਕਨੇਡਾ ਵਿਚ ਬੁਲਾ ਕੇ ਕਲਮਾਂ ਦਾ ਮੇਲਾ ਲਗਾਉਂਦਿਆਂ ਸਾਹਿਤ ਅਤੇ ਸੱਭਿਆਚਾਰ ਦੀ ਨਿਰੰਤਰ ਸੇਵਾ ਕਰ ਰਹੇ ਹਨ ਅਤੇ ਇਸ ਕਾਰਜ ਨੂੰ ਇਤਿਹਾਸ ਆਪਣੇ ਸੁਨਹਿਰੀ ਪੰਨਿਆਂ ’ਤੇ ਦਰਜ ਰੱਖੇਗਾ।