'ਵਣ ਸ਼ਹੀਦੀ ਦਿਵਸ' ਮੌਕੇ ਪੰਜਾਬ ਦੇ ਵਣ ਮੁਲਾਜ਼ਮਾਂ ਨੂੰ 11 ਸਤੰਬਰ ਰਾਮ ਤੀਰਥ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਅਪੀਲ-- ਕੰਵਲਨੈਨ ਸਿੰਘ

ਮੋਗਾ, 9 ਸਤੰਬਰ ( ਜਸ਼ਨ )ਪੰਜਾਬ ਦੇ ਵੱਖ-ਵੱਖ ਵਣ ਮੰਡਲਾਂ ਦੇ ਕਰਮਚਾਰੀਆਂ ਵਲੋਂ ਆਲ ਇੰਡੀਆ ਫਾਰੈਸਟ ਆਫੀਸਰਜ਼ ਫੈਡਰੇਸ਼ਨ ਅਤੇ ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ (ਰਜਿ: 42) ਦੇ ਸਹਿਯੋਗ ਨਾਲ 11 ਸਤੰਬਰ ਦਿਨ ਸੋਮਵਾਰ ਨੂੰ 'ਵਣ ਸ਼ਹੀਦੀ ਦਿਵਸ' ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਲੋਪੋਕੇ-ਚੋਗਾਵਾਂ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਣ ਸੰਪਤੀ ਦੀ ਰਾਖੀ ਲਈ ਸ਼ਹੀਦ ਜਾਂ ਜ਼ਖਮੀ ਹੋਏ ਕਰਮਚਾਰੀਆਂ ਨੂੰ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਦੀਪ ਸਿੰਘ ਪਨੇਸਰ ਅਤੇ ਬਲਾਕ ਅਫਸਰ ਕੰਵਲਨੈਨ ਸਿੰਘ ਨੇ ਆਖਿਆ ਕਿ ਇਹ ਵਣ ਸ਼ਹੀਦੀ ਦਿਵਸ ਆਲ ਇੰਡੀਆ ਫਾਰੈਸਟਰ ਆਫੀਸਰਜ਼ ਫੈਡਰੇਸ਼ਨ ਵੱਲੋਂ 2005 ਤੋਂ ਮਨਾਇਆ ਜਾ ਰਿਹਾ ਹੈ। ਜਿਸਦੀ ਸ਼ੁਰੂਆਤ ਮੱਧ ਪ੍ਰਦੇਸ਼ ਦੀ ਰਾਜਧਾਨੀ ਭੂਪਾਲ ਤੋਂ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਦਿਵਸ ਵੱਖ-ਵੱਖ ਰਾਜਾਂ ਰਾਜਸਥਾਨ, ਬਿਹਾਰ, ਮਹਾਂਰਾਸ਼ਟਰ ਅਤੇ ਹਰਿਆਣਾ, ਉਡੀਸਾ ਤੇ ਨਵੀਂ ਦਿੱਲੀ ਆਦਿ ਥਾਵਾਂ ਤੇ ਮਨਾਇਆ ਗਿਆ, ਪਰ ਪੰਜਾਬ ਵਿੱਚ ਇਹ ਦਿਵਸ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ। ਇਸ ਦਿਵਸ ਸਮੇਂ ਜੋਧਪੁਰ (ਰਾਜਸਥਾਨ) ਦੇ ਰਾਜਾ ਵੱਲੋਂ ਆਪਣੇ ਮਹਿਲਾਂ ਵਾਸਤੇ ਰੁੱਖਾਂ ਦੀ ਕਟਾਈ ਸਮੇਂ ਸ੍ਰੀਮਤੀ ਅਮ੍ਰਿਤਾ ਦੇਵੀ ਦੀ ਅਗਵਾਈ ਵਿੱਚ ਸ਼ਹੀਦ ਹੋਏ 363 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜਥੇਬੰਦੀ ਵਣ ਕਾਮਿਆਂ, ਵਣ ਕਰਮਚਾਰੀਆਂ, ਮਨਿਸਟਰੀਅਲ ਸਟਾਫ਼ ਅਤੇ ਵਣ ਅਧਿਕਾਰੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕਰਦੀ ਹੈ। ਪੰਜਾਬ ਦੇ ਵੱਖ-ਵੱਖ ਵਣ ਮੰਡਲਾਂ ਦੇ ਪ੍ਰਧਾਨ ਅਤੇ ਸਕੱਤਰ ਨਿੱਜੀ ਤੌਰ ਤੇ ਸਾਥੀਆਂ ਨੂੰ ਲਾਮਬੰਦ ਕਰਕੇ ਇਸ ਸਮਾਗਮ ਵਿੱਚ ਆਪਣੇ ਨਾਲ ਲੈ ਕੇ ਆਉਣ।


