ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ,ਅਧਿਆਪਕ ਕੌਮ ਦਾ ਸਿਰਜਕ- ਚੇਅਰਮੈਨ ਦਵਿੰਦਰਪਾਲ ਸਿੰਘ
ਮੋਗਾ, 5 ਸਤੰਬਰ (ਜਸ਼ਨ): ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕ ਦਿਵਸ ਅਤੇ ਜਰਨਲ ਸੈਕਟਰੀ ਪਰਮਜੀਤ ਕੌਰ ਦਾ ਜਨਮਦਿਨ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜ਼ੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ,ਵਾਈਸ ਪ੍ਰੈਜ਼ੀਡੈਂਟ ਡਾਕਟਰ ਇਕਬਾਲ ਸਿੰਘ, ਡਾਕਟਰ ਗੁਰਚਰਨ ਸਿੰਘ ਜਰਨਲ ਸੈਕਟਰੀ ਪਰਮਜੀਤ ਕੌਰ ਅਤੇ ਪਿ੍ਰੰਸੀਪਲ ਸਤਵਿੰਦਰ ਕੌਰ ਨੇ ਸਾਰੇ ਅਧਿਆਪਕਾਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ । ਪ੍ਰੋਗਰਾਮ ਵਿੱਚ ਡਾਕਟਰ ਵਿਨੋਦ ਬਾਂਸਲ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ,ਜੱਸ ਢਿੱਲੋਂ, ਅਨਮੋਲ ਸ਼ਰਮਾ ਅਤੇ ਪਰਮਿੰਦਰ ਕੌਰ ਮਰਵਾਹਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਹਿੰਦੀ ਵਿਭਾਗ ਦੇ ਮੁਖੀ ਮਮਤਾ ਸ਼ਰਮਾ ਨੇ ਅਧਿਆਪਕ ਦਿਵਸ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਦੱਸਿਆ ਕਿ ਇਸ ਦਿਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ ਉਹ ਇੱਕ ਮਹਾਨ ਅਧਿਆਪਕ ਸਨ ਇੱਕ ਅਧਿਆਪਕ ਦੀ ਮਹੱਤਤਾ ਨੂੰ ਸਮਝ ਕੇ ਹੀ ਉਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਕੀਤਾ । ਚੇਅਰਮੈਨ ਸਰਦਾਰ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਅਧਿਆਪਕ ਕੌਮ ਦੇ ਸਿਰਜਕ ਹਨ। ਅਧਿਆਪਨ ਇੱਕ ਅਜਿਹਾ ਪੇਸ਼ਾ ਹੈ ਜੋ ਦੂਸਰੇ ਪੇਸ਼ਿਆਂ ਨੂੰ ਜਨਮ ਦਿੰਦਾ ਹੈ। ਇਸ ਕਰਕੇ ਅਧਿਆਪਕ ਦਾ ਸਮਾਜ ਵਿੱਚ ਬਹੁਤ ਹੀ ਸਤਿਕਾਰਯੋਗ ਸਥਾਨ ਹੈ। ਇਸ ਮੌਕੇ ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ ਦਾ60ਵਾਂ ਜਨਮ ਦਿਨ ਮਨਾਇਆ ਗਿਆ। ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਵੱਲੋਂ ਪੂਰੇ ਸਟਾਫ਼ ਨੂੰ ਲੰਚ ਪਾਰਟੀ ਦਿੱਤੀ ਗਈ। ਅਧਿਆਪਕਾਂ ਲਈ ਇਸ ਮੌਕੇ ਕਈ ਮਨੋਰੰਜਨ ਭਰਪੂਰ ਖੇਡਾਂ ਆਯੋਜਤ ਕੀਤੀਆਂ ਗਈਆਂ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਕੂਲ ਦੇ 77 ਅਧਿਆਪਕਾਂ ਲਈ ਆਏ ਪ੍ਰਸੰਸਾ ਪੱਤਰ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ ਅਤੇ ਪ੍ਰੈਜ਼ੀਡੈਂਟ ਸਰਦਾਰ ਕੁਲਦੀਪ ਸਿੰਘ ਵੱਲੋਂ ਅਧਿਆਪਕਾਂ ਨੂੰ ਦਿੱਤੇ ਗਏ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਮੈਡਮ ਅਮਨਦੀਪ ਗਿਰਧਰ ਨੂੰ ਸਕੂਲ ਦੇ ਚੇਅਰਮੈਨ ਵੱਲੋਂ ਵਾਈਸ ਪਿ੍ਰੰਸੀਪਲ ਐਲਾਨਿਆ ਗਿਆ। ਸਕੂਲ ਦੇ ਸਮੂਹ ਸਟਾਫ਼ ਨੇ ਅਮਨਦੀਪ ਗਿਰਧਰ ਨੂੰ ਮੁਬਾਰਕਬਾਦ ਦਿੱਤੀ।