ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਬਲਾਕ ਪੱਧਰੀ ਮੁਕਾਬਲਿਆਂ ਦੀ ਕਰਵਾਈ ਰਸਮੀ ਸ਼ੁਰੂਆਤ

ਮੋਗਾ, 4 ਸਤੰਬਰ ( ਜਸ਼ਨ) ::ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ''ਖੇਡਾਂ ਵਤਨ ਪੰਜਾਬ ਦੀਆਂ-2023'' ਅਧੀਨ ਬਲਾਕ ਨਿਹਾਲ ਸਿੰਘ ਵਾਲਾ ਦੇ ਬਲਾਕ ਪੱਧਰੀ ਮੁਕਾਬਲੇ ਅਕਾਲੀ ਕਰਤਾਰ ਸਿੰਘ ਖੇਡ ਸਟੇਡੀਅਮ ਬਿਲਾਸਪੁਰ ਵਿਖੇ ਸ਼ੁਰੂ ਹੋ ਚੁੱਕੇ ਹਨ। ਨਿਹਾਲ ਸਿੰਘ ਵਾਲਾ ਦੇ ਬਲਾਕ ਪੱਧਰੀ ਇਹ ਮੁਕਾਬਲੇ 6 ਸਤੰਬਰ ਤੱਕ ਚੱਲਣਗੇ।ਨਿਹਾਲ ਸਿੰਘ ਵਾਲਾ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਦਿਨ ਅੱਜ ਖਿਡਾਰੀਆਂ ਨੇ ਪੂਜੇ ਜ਼ੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਖੇਡ ਮੈਦਾਨਾਂ ਦੀਆਂ ਰੌਣਕਾਂ ਨੂੰ ਵਧਾਇਆ। ਬਲਾਕ ਨਿਹਾਲ ਸਿੰਘ ਵਾਲਾ ਦੀਆਂ ਖੇਡਾਂ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਰਸਮੀ ਤੌਰ ਉੱਪਰ ਸ਼ੁਰੂ ਕਰਵਾਈਆਂ ਗਈਆਂ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੇ ਚੰਗੇ ਅਤੇ ਨਸ਼ਾ ਰਹਿਤ ਭਵਿੱਖ ਲਈ ਹੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਲੈ ਕੇ ਆਈ ਹੈ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਇਕੱਠ ਤੋਂ ਅੰਦਾਜਾ ਲਗਾਇਆ ਜਾ ਸਕਦੈ ਕਿ ਨੌਜਵਾਨ ਪੀੜ੍ਹੀ ਖੇਡਾਂ ਦੇ ਰਾਹਾਂ ਵੱਲ ਤੁਰ ਰਹੀ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ।ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਨਵਦੀਪ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਹਿਲੇ ਦਿਨ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਵੱਡੀ ਗਿਣਤੀ ਵਿੱਚ ਖਿਡਾਰੀ ਸ਼ਾਮਿਲ ਹੋਏ।ਉਨ੍ਹਾਂ ਦੱਸਿਆ ਕਿ  ਖਿਡਾਰੀਆਂ ਲਈ ਰਿਫਰੈਸ਼ਮੈਂਟ ਅਤੇ ਦੁਪਹਿਰ ਦੇ ਖਾਣੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।