ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੀ ਹੋਈ ਆਰੰਭਤਾ

ਮੋਗਾ, 3 ਸਤੰਬਰ ( ਜਸ਼ਨ) ਗੁਰੂ ਨਾਨਕ ਸਪੋਰਟਸ ਕਲੱਬ ਮੋਗਾ ਵੱਲੋਂ ਗੁਰੂ ਨਾਨਕ ਕਾਲਜ ਦੀ ਗਰਾਂਊਂਡ ਵਿਖੇ ਕ੍ਰਿਕਟ ਖਿਡਾਰੀ ਆਸ਼ੂ ਸੂਦ ਦੀ ਯਾਦ ਵਿਚ ਕਰਵਾਏ ਜਾ ਰਹੇ ਕ੍ਰਿਕਟ  ਟੂਰਨਾਮੈਂਟ   ਦੀ ਆਰੰਭਤਾ ਸ਼ਾਨੌਸ਼ੌਕਤ ਨਾਲ ਹੋਈ । ਟੂਰਨਾਮੈਂਟ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਹਨਾਂ ਨਾਲ ਸਾਬਕਾ ਡਾਇਰੈਕਟਰ ਰਾਜਵੰਤ ਸਿੰਘ ਮਾਹਲਾ, ਗੁਰੂ ਨਾਨਕ ਸਪੋਰਟਸ ਕਲੱਬ ਦੇ ਪ੍ਰਧਾਨ ਪਵਿੱਤਰ ਸਿੰਘ ਸੇਖੋਂ, ਜਨਰਲ ਸਕੱਤਰ ਡਾ: ਸ਼ਮਸ਼ੇਰ ਸਿੰਘ ਮੱਟਾ ਜੌਹਲ, ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸੂਦ ਅਤੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ , ਰਾਜਬੀਰ ਸਿੰਘ ਜੌਹਲ, ਨੂਰ ਗਿੱਲ, ਸਾਹਿਲ ਸੂਦ , ਸਾਬਕਾ ਕੌਂਸਲਰ ਬਲਬੀਰ ਸਿੰਘ ਅਤੇ ਗੁੱਲੂ ਆਹਲੂਵਾਲੀਆ ਵੀ ਹਾਜ਼ਰ ਸਨ।

ਇਸ ਮੌਕੇ ਸੰਨੀ ਗਿੱਲ ਨੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖੇਡਾਂ ਨੌਜਵਾਨਾਂ ਦੇ ਬਹੁਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ ਅਤੇ ਖਿਡਾਰੀਆਂ ਖੇਡਾਂ ਹਮੇਸ਼ਾਂ ਖੇਡ ਭਾਵਨਾ ਨਾਲ ਖੇਡਣੀਆਂ ਚਾਹੀਦੀਆਂ ਹਨ ਤਾਂ ਕਿ ਭਵਿੱਖ ਵਿਚ ਉਹਨਾਂ ਦੀ ਸ਼ਖਸੀਅਤ ਵਿਚ ਸ਼ਹਿਣਸ਼ੀਲਤਾ,ਸ਼ਾਲੀਨਤਾ ਅਤੇ ਆਪਸੀ ਸਾਂਝ ਵਰਗੇ ਚੰਗੇ ਗੁਣਾਂ ਦਾ ਵਿਕਾਸ ਹੋ ਸਕੇ। ਗਿੱਲ ਨੇ ਆਖਿਆ ਕਿ ਗੁਰੂ ਨਾਨਕ ਸਪੋਰਟਸ ਕਲੱਬ ਮੋਗਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਇਆ ਜਾ ਰਿਹਾ ਅਜਿਹਾ ਟੂਰਨਾਮੈਂਟ ਸ਼ਲਘਾਯੋਗ ਕਾਰਜ ਹੈ ।
ਟੂਰਨਾਮੈਂਟ ਦੌਰਾਨ ਉੱਘੇ ਸਮਾਜ ਸੇਵੀ ਅਤੇ ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਵੀ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾਅਫ਼ਜ਼ਾਈ ਕੀਤੀ ਅਤੇ ਟੂਰਨਾਮੈਂਟ ਦੌਰਾਨ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਨਕਦ ਇਨਾਮ ਆਪਣੇ ਵੱਲੋਂ ਦੇਣ ਦਾ ਐਲਾਨ ਕੀਤਾ।
ਟੂਰਨਾਮੈਂਟ ਦੌਰਾਨ ਆਈ ਐੱਸ ਐੱਫ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ , ਜ਼ਿਲ੍ਹਾ ਯੋਜਨਾ ਬੇਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਦੀਦਾਰੇਵਾਲਾ ਅਤੇ ਕੌਂਸਲਰ  ਮਤਵਾਲ ਸਿੰਘ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ।  ਸਵੇਰ ਤੋਂ ਆਰੰਭ ਹੋਇਆ ਇਹ ਕ੍ਰਿਕਟ ਟੂਰਨਾਮੈਂਟ ਦੇਰ ਸ਼ਾਮ ਤੱਕ ਵੀ ਜਾਰੀ ਸੀ।