ਸਰਪੰਚੀ ਤੋਂ ਜ਼ਿਲ੍ਹਾ ਪ੍ਰਧਾਨ ਤੱਕ ਦਾ ਸਫਰ ਤੈਅ ਕਰਦਿਆਂ ਅਮਰਜੀਤ ਸਿੰਘ ਗਿੱਲ ਲੰਢੇਕੇ ਬਣੇ ਹਰਮਨ ਪਿਆਰੇ ਆਗੂ

ਮੋਗਾ, 30 ਅਗਸਤ (ਜਸ਼ਨ):: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰ ਗਠਨ ਦੀ ਪਰਿਕਿਰਿਆ ਦੌਰਾਨ ਪੰਜਾਬ ‘ਚ ਪਾਰਟੀ ਦੇ 15 ਜ਼ਿਲ੍ਹਾ ਪ੍ਰਧਾਨਾਂ ਦੇ ਐਲਾਨ ਦੀ ਪਹਿਲੀ ਸੂਚੀ ਮੁਤਾਬਕ, ਮੋਗਾ ਜ਼ਿਲ੍ਹੇ ਵਿਚ ਜ਼ਮੀਨ ਨਾਲ ਜੁੜੇ ਆਗੂ ਅਮਰਜੀਤ ਸਿੰਘ ਗਿੱਲ ਲੰਢੇਕੇ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਹ ਲਿਸਟ ਸੋਸ਼ਲ ਮੀਡੀਆ ‘ਤੇ ਆਉਣ ਉਪਰੰਤ ਵਾਇਰਲ ਹੋ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮੇਂ ਵਿਚ ਅਮਰਜੀਤ ਸਿੰਘ ਲੰਢੇਕੇ ਦੇ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਖੁਸ਼ੀ ਦੀ ਲਹਿਰ ਦੌੜ ਗਈ । ਇਸੇ ਦੌਰਾਨ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ਦੇ ਦਾਣਾ ਮੰਡੀ ਸਥਿਤ ਦਫਤਰ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਜ਼ਿਕਰਯੋਗ ਹੈ ਕਿ ਪਾਰਟੀ ਪ੍ਰਤੀ ਵਫ਼ਦਾਰੀ ਦੀ ਮਿਸਾਲ ਅਤੇ ਨਵੀਂ ਸਿਆਸੀ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਬਣੇ ਸ. ਅਮਰਜੀਤ ਸਿੰਘ ਗਿੱਲ ਲੰਢੇਕੇ ਨੇ 1991 ਵਿਚ ਭਰ ਜਵਾਨੀ ਵਿਚ ਸਿਆਸੀ ਜੀਵਨ ਸ਼ੁਰੂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੈਨਵਸ ’ਤੇ ਸਿਆਸੀ ਇਬਾਰਤ ਲਿਖਣੀ ਸ਼ੁਰੂ ਕੀਤੀ ਤੇ 1993 ਵਿਚ ਪੰਚਾਇਤ ਚੋਣਾਂ ਦੌਰਾਨ ਆਪਣੇ ਪਿੰਡ ਲੰਢੇਕੇ ਦੇ ਪੰਚਾਇਤ ਮੈਂਬਰ ਚੁਣੇ ਗਏ। ਪਿੰਡ ਦੀ ਨੰਬਰਦਾਰੀ ਕੀਤੀ ਅਤੇ ਇਸੇ ਦੌਰਾਨ 2008 ਵਿਚ ਮਰਹੂਮ ਵਿਧਾਇਕ ਸਾਧੂ ਸਿੰਘ ਰਾਜੇਆਣਾ ਅਤੇ ਜਥੇਦਾਰ ਤੋਤਾ ਸਿੰਘ ਨੇ ਅਮਰਜੀਤ ਸਿੰਘ ਲੰਢੇਕੇ ਦੇ ਪਾਰਟੀ ਲਈ ਨਿੱਠ ਕੇ ਕੰਮ ਕਰਨ ਅਤੇ ਸਮਰਪਣ ਦੀ ਭਾਵਨਾ ਨੂੰ ਦੇਖਦਿਆਂ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਸੌਂਪੀ ਜਦਕਿ 2009 ‘ਚ ਹੋਈਆਂ ਪੰਚਾਇਤੀ ਚੋਣਾਂ ‘ਚ ਪਿੰਡ ਵਾਸੀਆਂ ਨੇ ਸ. ਅਮਰਜੀਤ ਸਿੰਘ ਗਿੱਲ ਨੂੰ ਪਿੰਡ ਲੰਢੇਕੇ ਦੀ ਕਮਾਨ ਸੌਂਪਦਿਆਂ ਸਰਪੰਚੀ ਦਾ ਤਾਜ ਪਹਿਨਾਇਆ।  ਨਗਰ ਨਿਗਮ ਹੋਂਦ ਵਿਚ ਆਉਣ ਉਪਰੰਤ ਪਿੰਡ ਲੰਢੇਕੇ, ਵਾਰਡ ਨੰਬਰ 49 ਵਿਚ ਤਬਦੀਲ ਹੋ ਗਿਆ ਪਰ ਲੰਢੇਕੇ ਵਾਸੀਆਂ ਨੇ ਆਪਣੇ ਲਾਡਲੇ ਅਮਰਜੀਤ ਲੰਢੇਕੇ ਦੀ ਪਤਨੀ ਹਰਵਿੰਦਰ ਕੌਰ ਗਿੱਲ ਨੂੰ, ਨਗਰ ਨਿਗਮ ਦੀ ਕੌਂਸਲਰ ਵਜੋਂ ਚੁਣ ਕੇ ਮਾਣ ਬਖਸ਼ਿਆ ਅਤੇ ਫਿਰ ਗਿੱਲ ਪਰਿਵਾਰ ਵੱਲੋਂ ਲੰਢੇਕੇ ਵਾਸੀਆਂ ਦੀ ਦਿਲੋਂ ਕੀਤੀ ਸੇਵਾ ਦਾ ਮੁੱਲ ਮੋੜਦਿਆਂ 2021 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਮੌਕੇ ਦੀ ਸਰਕਾਰ ਦੇ ਵਿਧਾਇਕ ਦੀ ਪਤਨੀ ਨੂੰ ਸ਼ਿਕਸ਼ਤ ਦੇ ਕੇ ਮੁੜ ਅਮਰਜੀਤ ਸਿੰਘ ਲੰਢੇਕੇ ਦੀ ਪਤਨੀ ਹਰਵਿੰਦਰ ਕੌਰ ਗਿੱਲ ਨੂੰ ਜਿੱਤ ਬਖਸ਼ਦਿਆਂ, ਕੌਂਸਲਰ ਬਣਾ ਕੇ ਨਿਗਮ ਹਾਊਸ ਵਿਚ ਭੇਜਿਆ।
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾਉਂਦਿਆਂ ਅੱਜ ਸਮੁੱਚੇ ਜ਼ਿਲ੍ਹੇ ਦੇ ਪਾਰਟੀ ਪ੍ਰਧਾਨ ਵਜੋਂ ਨਿਯੁਕਤ ਹੋਏ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ’ਤੇ ਭਰੋਸਾ ਕਰਦਿਆਂ ਪਾਰਟੀ ਲਈ ਵੱਡੀ ਜ਼ਿੰਮੇਵਾਰੀ ਸੌਂਪੀ ਹੈ । ਉਹਨਾਂ ਆਖਿਆ ਕਿ ਉਹ ਸਮੁੱਚੇ ਸੀਨੀਅਰ ਆਗੂਆਂ, ਸਾਥੀਆਂ , ਵਰਕਰਾਂ ਅਤੇ ਲੰਢੇਕੇ ਵਾਸੀਆਂ ਦੇ ਵੀ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਅਗਵਾਈ ਵੀ ਦਿੱਤੀ ਅਤੇ ਸਾਥ ਵੀ ਦਿੱਤਾ ।  ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਆਖਿਆ ਕਿ ਉਹ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਨੇ ਜਿਸ ਨੇ ਉਹਨਾਂ ਨੂੰ ਲੋਕ ਸੇਵਾ ਦੇ ਰਾਹ ’ਤੇ ਤੋਰਿਆ ਤੇ ਹੁਣ ਵੱਡੀ ਬਖਸ਼ਿਸ ਕੀਤੀ ਹੈ।