ਸਰਕਾਰ ਨੇ ਸਮੇਂ ਤੋਂ ਪਹਿਲਾਂ ਭੰਗ ਕੀਤੀਆਂ ਪੰਚਾਇਤਾਂ,ਸਰਪੰਚਾਂ ਦੇ ਹੱਕ ਚ ਡਟੇ ਡਾ. ਹਰਜੋਤ ਕਮਲ

ਮੋਗਾ, 26 ਅਗਸਤ (ਜਸ਼ਨ)- ਮੋਗਾ ਤੋਂ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੈਕਟਰੀ ਡਾ. ਹਰਜੋਤ ਕਮਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ਼ ਹੱਲਾ ਬੋਲ ਦਿੱਤਾ ਹੈ ਅਤੇ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਭੰਗ ਕੀਤੀਆਂ ਪੰਚਾਇਤਾਂ ਦੇ ਵਿਰੋਧ ਵਿੱਚ ਡਾ. ਹਰਜੋਤ ਕਮਲ ਨੇ ਸਰਪੰਚ ਯੂਨੀਅਨ ਪੰਜਾਬ ਦੇ ਚੇਅਰਮੈਨ ਸ. ਗੁਰਮੀਤ ਸਿੰਘ ਨੂੰ ਨਾਲ ਲੈ ਕੇ ਉਨ੍ਹਾਂ ਦੇ ਸਮੂਹ ਸਾਥੀਆਂ ਅਤੇ ਆਪਣੇ ਸਰਪੰਚ ਸਾਹਿਬਾਨਾਂ ਨਾਲ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ. ਸੁਨੀਲ ਜਾਖ਼ੜ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ. ਸੁਨੀਲ ਜਾਖ਼ੜ ਜੀ ਨੇ ਭਰੋਸਾ ਦਵਾਇਆ ਕਿ ਉਹ ਇਸ ਮਾਮਲੇ ਨੂੰ ਉੱਪਰ ਤੱਕ ਪਹੁੰਚਾਉਣਗੇ ਅਤੇ ਸਰਪੰਚਾਂ ਦੇ ਹੱਕਾਂ ਲਈ ਹਮੇਸ਼ਾਂ ਉਨ੍ਹਾਂ ਦਾ ਸਾਥ ਦੇਵੇਗੀ। ਇਸ ਮੌਕੇ ਤੇ ਡਾ. ਹਰਜੋਤ ਕਮਲ ਦੇ ਨਾਲ ਸਰਪੰਚ ਸਾਹਿਬਾਨ ਲਖਵੰਤ ਸਿੰਘ ਸਾਫੂਵਾਲਾ, ਹਰਨੇਕ ਸਿੰਘ ਮੋਠਾਂਵਾਲੀ, ਗੁਰਤੇਜ ਸਿੰਘ ਖੁਖਰਾਣਾ, ਜਗਜੀਤ ਸਿੰਘ ਰੱਤੀਆਂ, ਤਰਸੇਮ ਸਿੰਘ ਖੋਸਾ ਪਾਂਡੋ, ਅਮਰਜੀਤ ਸਿੰਘ ਥੰਮਣਵਾਲਾ, ਨਿਰਮਲ ਸਿੰਘ ਦੱਦਾਹੂਰ, ਮੇਜਰ ਸਿੰਘ ਕੋਟ ਭਾਊਆਂ ਵਾਲਾ, ਜਗਵੀਨ ਸਿੰਘ ਮੀਨਾ ਕਾਲੀਏਵਾਲਾ ਵੀ ਹਾਜ਼ਰ ਸਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਤੇ ਉੱਤਰ ਆਈ ਹੈ ਕਿ ਸਮੇਂ ਤੋਂ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਹੈ, ਕਿਉਂਕਿ ਸਰਕਾਰ ਕੋਲ ਵਿਕਾਸ ਕਰਵਾਉਣ ਲਈ ਇੱਕ ਵੀ ਪੈਸਾ ਨਹੀਂ ਹੈ ਅਤੇ ਪਿਛਲੇ ਪੌਣੇ ਦੋ ਸਾਲ ਤੋਂ ਸਰਕਾਰ ਨੇ ਕੋਈ ਵੀ ਵਿਕਾਸ ਕਾਰਜ਼ ਨਹੀਂ ਕੀਤੇ ਹਨ, ਸਿਰਫ਼ ਥੋੜ੍ਹੇ ਪੇਂਟ ਨਾਲ ਬਿਲਡਿੰਗਾਂ ਦੇ ਨਾਮ ਬਦਲ ਕੇ ਜਾਂ ਰੰਗ ਰੋਗਨ ਕਰਕੇ ਪਿਛਲੇ ਹੋਏ ਵਿਕਾਸ ਕਾਰਜਾਂ ਤੇ ਆਪਣਾ ਨਾਮ ਲਿਖ ਲਿਆ ਹੈਂ। ਉਨ੍ਹਾਂ ਕਿਹਾ ਕਿ ਦੱਸਣਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਦਿੱਤੀਆਂ ਗ੍ਰਾਂਟਾਂ ਤੋਂ ਸਰਪੰਚ ਕੰਮ ਕਰਵਾ ਰਹੇ ਸਨ, ਉਨ੍ਹਾਂ ਨੂੰ ਵੀ ਅਚਨਚੇਤ ਚੋਣਾਂ ਦਾ ਐਲਾਨ ਕਰਕੇ ਰੋਕ ਦਿੱਤਾ ਗਿਆ ਹੈ, ਜਿਸਦੇ ਸਿੱਟੇ ਵਜੋਂ ਸਰਪੰਚ ਸਾਹਿਬਾਨਾਂ ਵੱਲੋਂ ਕੀਤੇ ਗਏ ਕੰਮਾਂ ਦੇ ਦਿੱਤੇ ਗਏ ਚੈਕ ਵੀ ਬਾਉਂਸ ਹੋ ਜਾਣਗੇ, ਕਿਉਂਕਿ ਇਨ੍ਹਾਂ ਵੱਲੋਂ ਸਰਪੰਚਾਂ ਦੇ ਖਾਤੇ ਵੀ ਫ੍ਰੀਜ ਕਰ ਦਿੱਤੇ ਗਏ ਹਨ, ਜਿਸ ਨਾਲ ਵਿਕਾਸ ਕੰਮਾਂ ਲਈ ਸਾਮਾਨ ਦੇਣ ਵਾਲੀਆਂ ਫਰਮਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਉਥੇ ਹੀ ਸਰਪੰਚ ਸਾਹਿਬਾਨਾਂ ਦੇ ਅਕਸ ਤੇ ਵੀ ਬੁਰਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਸਰਪੰਚ ਸਾਹਿਬਾਨਾਂ ਵੱਲੋਂ ਬਹੁਤ ਸਾਰਾ ਸਾਮਾਨ ਉਧਾਰ ਹੀ ਮੰਗਵਾ ਲਿਆ ਜਾਂਦਾ ਹੈ ਅਤੇ ਕੰਮ ਮੁਕੰਮਲ ਹੋਣ ਤੇ ਹੀ ਪੈਮੈਂਟ ਕੀਤਾ ਜਾਂਦੀ ਹੈ, ਪਰ ਇਸ ਤਰ੍ਹਾਂ ਅਚਨਚੇਤ ਪੰਚਾਇਤਾਂ ਭੰਗ ਕਰਨ ਨਾਲ ਉਧਾਰ ਲਿਆ ਸਾਮਾਨ ਵੀ ਸਰਪੰਚ ਸਾਹਿਬਾਨਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ, ਜਿਸ ਕਾਰਨ ਸਰਪੰਚਾਂ ਨੂੰ ਬੇਹੱਦ ਪਰੇਸ਼ਾਨੀ ਵਿੱਚੋਂ ਲੰਘਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਸੰਬਰ ਵਿੱਚ ਕਰਵਾਉਣਾ ਨਿਰਧਾਰਿਤ ਕੀਤਾ ਗਿਆ ਹੈ ਪਰ ਏਨਾ ਸਮਾਂ ਪਹਿਲਾਂ ਪੰਚਾਇਤਾਂ ਨੂੰ ਭੰਗ ਕਰਨਾ ਸਹੀ ਨਹੀਂ ਸੀ, ਕਿਉਂਕਿ ਪਿਡਾਂ ਦੇ ਬਹੁਤ ਸਾਰੇ ਕੰਮ ਪੰਚਾਇਤਾਂ ਉੱਪਰ ਹੀ ਨਿਰਭਰ ਹੁੰਦੇ ਹਨ, ਉਨ੍ਹਾਂ ਸਾਰੇ ਕੰਮਾਂ ਵਿੱਚ ਵਿਘਨ ਪੈ ਰਿਹਾ ਹੈ ਦੂਸਰਾ ਇਨ੍ਹਾਂ ਦਿਨੀਂ ਬਹੁਤ ਸਾਰੇ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ, ਜਿੱਥੇ ਬਹੁਤ ਸਾਰੇ ਰਾਹਤ ਕਾਰਜ਼ ਪੰਚਾਇਤਾਂ ਦੀ ਦੇਖ-ਰੇਖ ਹੀ ਕੀਤੇ ਜਾ ਰਹੇ ਹਨ, ਉਥੇ ਪੰਚਾਇਤਾਂ ਭੰਗ ਕਰਨ ਨਾਲ ਸਰਪੰਚੀ ਦੇ ਉਮੀਦਵਾਰ ਆਪਣੀਆਂ ਚੋਣਾਂ ਲੜਨ ਲਈ ਧੜ੍ਹੇਬੰਦੀਆਂ ਵਿੱਚ ਪੈ ਕੇ ਰਾਹਤ ਕਾਰਜਾ ਤੋਂ ਬੇਮੁੱਖ ਹੋ ਗਏ ਹਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਦਸੰਬਰ ਮਹੀਨੇ ਵਿੱਚ ਹੋਣੀਆਂ ਹਨ, ਜੋ ਕਿ ਸਾਹਿਬ ਸ਼੍ਰੀ. ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੋਂ ਲੈ ਕੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਵਰਤਾਰੇ ਵਾਲਾ ਮਹੀਨਾ ਹੈ, ਜਿਸਨੂੰ ਸਿੱਖ ਤਾਂ ਕੀ ਸਾਰੀ ਦੁਨੀਆਂ ਹੀ ਬਹੁਤ ਹੀ ਪਵਿੱਤਰ ਮਹੀਨਾ ਮੰਨਦੀ ਹੈ, ਉਸ ਠੰਡ ਦੇ ਮਹੀਨੇ ਵਿੱਚ ਬਹੁਤ ਸਾਰੇ ਲੋਕ ਜਮੀਨ ਤੇ ਪੈ ਕੇ ਇਨ੍ਹਾਂ ਦਿਨਾਂ ਦਾ ਸਤਿਕਾਰ ਕਰਦੇ ਹਨ, ਅਜਿਹੇ ਪਵਿੱਤਰ ਮਹੀਨੇ ਵਿੱਚ ਸਿਆਸਤ ਦੀ ਗਰਮਾਹਟ ਸਰਕਾਰ ਵੱਲੋਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਬਹੁਤ ਵੱਡੀ ਸੱਟ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਵਿੱਚ ਸਰਪੰਚ ਸਾਹਿਬਾਨਾਂ ਵੱਲੋ ਪਾਏ ਗਏ ਕੇਸ ਵਿੱਚ 28 ਅਗਸਤ ਨੂੰ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ, ਜਿਸ ਵਿੱਚ ਜਾਂ ਤਾਂ 45 ਦਿਨਾਂ ਵਿੱਚ ਚੋਣ ਕਰਵਾਉਣੀ ਪਵੇਗਾ ਜਾਂ ਫਿਰ ਪੰਚਾਇਤਾਂ ਨੂੰ ਮੁੜ ਬਹਾਲ ਕਰਨਾ ਪਵੇਗਾ। ਡਾ. ਹਰਜੋਤ ਕਮਲ ਨੇ ਕਿਹਾ ਕਿ ਇਸ ਸਰਕਾਰ ਨੇ ਬਦਲਾਵ ਦੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਪਿਛਲੀ ਸਰਕਾਰ ਸਮੇਂ ਹੋਏ ਬਹੁਤ ਸਾਰੇ ਵਿਕਾਸ ਕਾਰਜਾਂ ਦੀਆਂ ਉਦਘਾਟਨੀ ਪਲੇਟਾਂ ਤੱਕ ਉਤਾਰ ਦਿੱਤੀਆਂ ਗਈਆਂ ਹਨ, ਜੋ ਕਿ ਇਨ੍ਹਾਂ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦਾ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਪੰਚਾਇਤਾਂ ਦੇ ਹੱਕਾਂ ਲਈ ਉਹ ਜਲਦ ਹੀ ਪੰਜਾਬ ਦੇ ਗਵਰਨਰ ਨੂੰ ਮਿਲਣਗੇ ਅਤੇ ਉਨ੍ਹਾਂ ਦੇ ਸਾਹਮਣੇ ਇਹ ਮਾਮਲੇ ਨੂੰ ਰੱਖਣਗੇ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੀਆਂ ਧੱਕੇਸ਼ਾਹੀਆਂ ਨੂੰ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾ. ਹਰਜੋਤ ਕਮਲ ਨੇ ਕਿਹਾ ਕਿ ਸਰਕਾਰ ਸਿਰਫ਼ ਆਪਣੇ ਨਿੱਜੀ ਸਵਾਰਥਾਂ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ, ਜਦਕਿ ਇਹ ਘੜੀ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਕਰਨ ਦੀ ਹੈ, ਨਾ ਕਿ ਪੰਚਾਇਤਾਂ ਨੂੰ ਭੰਗ ਕਰਕੇ ਲੋਕਾਂ ਨੂੰ ਹੋਰ ਪਰੇਸ਼ਾਨ ਕਰਨ ਦੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਪਹਿਲਾਂ ਹੀ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਜਲਦ ਮੁਆਵਜਾ ਦੇਣ ਦੀ ਗੱਲ ਕਹੀ ਸੀ, ਪਰ ਹਾਲੇ ਤੱਕ ਲੋਕਾਂ ਨੂੰ ਕੁਝ ਵੀ ਨਸੀਬ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਸਰਕਾਰ ਨੇ ਹੜ੍ਹਾਂ ਦੀ ਮਾਰ ਹੇਠ ਨੁਕਾਸਾਨੇ ਲੋਕਾਂ ਨੂੰ ਮੁਆਵਜਾ ਨਾ ਦਿੱਤਾ ਤਾਂ ਸਰਕਾਰ ਦੇ ਖਿਲਾਫ਼ ਤੇਜ਼ ਸੰਘਰਸ਼ ਕੀਤਾ ਜਾਵੇਗਾ।