ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ ਵਿੱਚ ਨਾਇਬ ਤਹਿਸੀਲਦਾਰ ਤੇ ਪਟਵਾਰੀ ਗ੍ਰਿਫ਼ਤਾਰ

ਚੰਡੀਗੜ੍ਹ, 23 ਅਗਸਤ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ : ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਖਨੌਰੀ ਵਿਖੇ ਸਥਿਤ 14 ਕਨਾਲ 11 ਮਰਲੇ ਜ਼ਮੀਨ ਦੇ ਫ਼ਰਜ਼ੀ ਦਸਤਾਵੇਜ਼ ਅਤੇ ਖਾਨਗੀ ਵਸੀਅਤ ਤਿਆਰ ਕਰਨ ਦੇ ਦੋਸ਼ ਵਿੱਚ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਜ਼ਿਲ੍ਹਾ ਮਾਨਸਾ ਦੇ ਬਰੇਟਾ ਵਿਖੇ ਤਾਇਨਾਤ ਹੈ ਅਤੇ ਮੁਲਜ਼ਮ ਪਟਵਾਰੀ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ।ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 409, 465, 467, 468, 471 ਅਤੇ 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13(1)(ਏ) ਅਤੇ 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਐਫਆਈਆਰ ਨੰ. 29 ਮਿਤੀ 23.8.23 ਨੂੰ ਦਰਜ ਕੀਤੀ ਗਈ ਹੈ । ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਤਕਾਲੀ ਕਾਨੂੰਨਗੋ ਦਰਸ਼ਨ ਸਿੰਘ, ਜੋ ਹੁਣ ਬਰੇਟਾ ਵਿਖੇ ਨਾਇਬ ਤਹਿਸੀਲਦਾਰ ਹੈ, ਪਟਵਾਰੀ ਬਲਕਾਰ ਸਿੰਘ ਅਤੇ ਤਹਿਸੀਲਦਾਰ ਵਿਪਨ ਭੰਡਾਰੀ ਨੇ ਖਨੌਰੀ ਕਲਾਂ ਦੇ ਦੀਪਕ ਰਾਜ ਨਾਲ ਮਿਲੀਭੁਗਤ ਕਰਕੇ ਖਨੌਰੀ ਵਿਖੇ 14 ਕਨਾਲ 11 ਮਰਲੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਅਤੇ ਫਰਜ਼ੀ ਖਾਨਗੀ ਵਸੀਅਤ ਤਿਆਰ ਕੀਤੀ ਸੀ।ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਪਟਿਆਲਾ ਦੀਆਂ ਟੀਮਾਂ ਵੱਲੋਂ ਪਟਵਾਰੀ ਬਲਕਾਰ ਸਿੰਘ ਅਤੇ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।