ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਕੀਤਾ ਵਾਧਾ,ਛੇਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ 25 ਅਗਸਤ ਤੱਕ ਕਰ ਸਕਣਗੇ ਆਨਲਾਈਨ ਅਪਲਾਈ-ਡੀ ਸੀ
ਮੋਗਾ, 19 ਅਗਸਤ (ਜਸ਼ਨ): ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵਿੱਚ ਵਿੱਦਿਅਕ ਵਰੇ 2024-24 ਲਈ ਛੇਵੀਂ ਜਮਾਤ ਵਿੱਚ ਦਾਖਲਾ ਪ੍ਰੀਖਿਆ ਲਈ ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਪ੍ਰਵੇਸ਼ ਪ੍ਰੀਖਿਆ ਲਈ 17 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਸੀ, ਪ੍ਰੰਤੂ ਇਹ ਵਾਧਾ ਹੁਣ 25 ਅਗਸਤ, 2023 ਤੱਕ ਕਰ ਦਿੱਤਾ ਗਿਆ ਹੈ। ਇਸ ਮਿਤੀ ਤੱਕ www.navodaya.gov.in ਵੈਬਸਾਈਟ ਉੱਪਰ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਰਦਿਆਂ ਦੱਸਿਆ ਕਿ ਵਧਾਈ ਹੋਈ ਆਖਰੀ ਮਿਤੀ ਦਾ ਵੱਧ ਤੋਂ ਵੱਧ ਯੋਗ ਮਾਪਿਆਂ ਦੇ ਬੱਚੇ ਲਾਹਾ ਉਠਾਉਣ ਅਤੇ ਆਪਣੇ ਬੱਚੇ ਨੂੰ ਇਸ ਪ੍ਰਵੇਸ਼ ਪ੍ਰੀਖਿਆ ਲਈ ਜਰੂਰ ਰਜਿਸਟਰਡ ਕਰਵਾਉਣ। ਉਨਾਂ ਦੱਸਿਆ ਕਿ ਜਿਲਾ ਮੋਗਾ ਨਾਲ ਸਬੰਧਤ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਲੋਹਾਰਾ ਦਾ ਜਵਾਹਰ ਨਵੋਦਿਆ ਵਿਦਿਆਲਿਆ ਵਰਦਾਨ ਸਾਬਿਤ ਹੋ ਰਿਹਾ ਹੈ, ਕਿਉਂਕਿ ਇੱਥੇ ਬੱਚਿਆਂ ਨੂੰ ਉੱਚ ਮਿਆਰ ਦੀ ਪੜਾਈ ਬਿਲਕੁਲ ਮੁਫ਼ਤ ਅਤੇ ਰਹਿਣ ਸਹਿਣ ਦੀਆਂ ਸਹੂਲਤਾਂ ਨਾਲ ਮੁਹੱਈਆ ਕਰਵਾਈ ਜਾਂਦੀ ਹੈ। ਪਿਛਲੇ ਅੰਕੜੇ ਇਸ ਗੱਲ ਦਾ ਗਵਾਹ ਹਨ ਕਿ ਨਵੋਦਿਆ ਵਿਦਿਆਲਿਆ ਵਿੱਚ ਪੜ ਚੁੱਕੇ ਬੱਚੇ ਭਾਰਤ ਦੇ ਉੱਚ ਪ੍ਰਸ਼ਾਸ਼ਨਿਕ ਅਹੁਦਿਆਂ ਉੱਪਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਪੜਾਈ ਵਿੱਚ ਹੁਸ਼ਿਆਰ ਬੱਚਿਆਂ ਦੇ ਮਾਪਿਆਂ ਨੂੰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਆਪਣੇ ਬੱਚਿਆਂ ਨੂੰ ਜ਼ਰੂਰ ਦਿਵਾਉਣੀ ਚਾਹੀਦੀ ਹੈ। ਪ੍ਰਵੇਸ਼ ਪ੍ਰੀਖਿਆ 21 ਜਨਵਰੀ, 2024 ਦਿਨ ਸ਼ਨੀਵਾਰ ਨੂੰ ਮੋਗਾ ਜ਼ਿਲੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਉੱਪਰ ਆਯੋਜਿਤ ਕਰਵਾਈ ਜਾ ਰਹੀ ਹੈ।
ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਦੇ ਪਿੰਸੀਪਲ ਸ੍ਰੀ ਰਾਕੇਸ਼ ਕੁਮਾਰ ਮੀਣਾ ਨੇ ਦੱਸਿਆ ਕਿ ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਥੀ ਦੀ ਉਮਰ 1 ਮਈ 2012 ਤੇ 31 ਜੁਲਾਈ 2014 ਦੇ ਵਿਚਕਾਰ ਹੋਣੀ ਚਾਹੀਦੀ ਹੈ। ਪ੍ਰੀਖਿਆਰਥੀ ਨੇ ਤੀਜੀ ਚੌਥੀ ਤੇ ਪੰਜਵੀਂ ਜਮਾਤ ਮੋਗਾ ਜ਼ਿਲਾ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫੇਲ ਹੋਏ ਪੂਰਾ ਵਿੱਦਿਅਕ ਸ਼ੈਸ਼ਨ ਲਗਾ ਕੇ ਪਾਸ ਕੀਤੀ ਹੋਵੇ ਤੇ ਵਿਦਿਆਰਥੀ ਮੋਗਾ ਜ਼ਿਲਾ ਦਾ ਵਸਨੀਕ ਹੋਣਾ ਜਰੂਰੀ ਹੈ। ਵਿਦਿਆਰਥੀ ਦੀ ਪੰਜਵੀਂ ਜਮਾਤ ਵਿਦਿਅਕ ਸ਼ੈਸ਼ਨ 2023-24 ਦੇ ਦੌਰਾਨ ਪਾਸ ਹੋਵੇ।