ਸੰਜੀਤ ਸਿੰਘ ਸੰਨੀ ਗਿੱਲ ਬਣੇ ਮੋਗਾ ਦੇ ਹਲਕਾ ਇੰਚਾਰਜ , ਮੱਖਣ ਬਰਾੜ ਨੂੰ ਸੌਂਪੀ ਧਰਮਕੋਟ ਦੀ ਕਮਾਨ
ਮੋਗਾ, 18 ਅਗਸਤ (ਜਸ਼ਨ): ਲੋਕ ਸਭਾ ਚੋਣਾਂ ਦੇ ਨਜ਼ਦੀਕ ਅਤੇ ਉਸ ਤੋਂ ਵੀ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਕਾਰਨ ਪੰਜਾਬ ਵਿਚ ਵਧੀ ਸਿਆਸੀ ਹਲਚਲ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਥੇਬੰਦੀ ਦੀ ਮਜਬੂਤੀ ਲਈ ਅਹਿਮ ਨਿਯੁਕਤੀਆਂ ਕੀਤੀਆਂ ਹਨ । ਪੰਜਾਬ ਦੇ ਵਿਧਾਨ ਸਭਾ ਹਲਕਾ ਮੋਗਾ ਅਤੇ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜਾਂ ਦਾ ਐਲਾਨ ਕਰਦਿਆਂ ਮੋਗਾ ਹਲਕੇ ਦੇ ਨਵੇਂ ਇੰਚਾਰਜ ਵਜੋਂ ਸੰਜੀਤ ਸਿੰਘ ਸੰਨੀ ਗਿੱਲ ਦੀ ਨਿਯੁਕਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ ਤੋਂ ਚੋਣ ਲੜ ਚੁੱਕੇ ਹਨ।ਪਾਰਟੀ ਵੱਲੋਂ ਹੁਣ ਮੱਖਣ ਬਰਾੜ ਨੂੰ ਧਰਮਕੋਟ ਦਾ ਇੰਚਾਰਜ ਮਨੋਨੀਤ ਕੀਤਾ ਹੈ।
ਮੋਗਾ ਹਲਕੇ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪਾਰਟੀ ਦੇ ਰੂਹੇ ਰਵਾਂਅ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਭਵਿੱਖ ਵਿਚ ਹੋਣ ਵਾਲੀ ਹਰ ਚੋਣ ਵਿਚ ਅਕਾਲੀ ਦਲ ਪਹਿਲਾਂ ਵਾਂਗ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਵਜੋਂ ਵਾਪਸੀ ਕਰੇਗਾ।