ਡੇਂਗੂ ਤੋਂ ਬਚਾਅ ਸਬੰਧੀ ਲਗਾਤਾਰ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰੂਕ-ਸਿਵਿਲ ਸਰਜਨ

ਮੋਗਾ,18 ਅਗਸਤ (ਜਸ਼ਨ):ਸਿਹਤ ਵਿਭਾਗ  ਮੋਗਾ ਵੱਲੋਂ ਜ਼ਿਲੇ ਵਿੱਚ ਡੇਂਗੂ ਸਬੰਧੀ ਚੌਕਸੀ ਵਰਤਦਿਆਂ ਸੰਚਾਰ ਦੇ ਹਰ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।  ਇਸ ਸਬੰਧੀ ਵਧੇਰੇ  ਜਾਣਕਾਰੀ ਦਿੰਦਿਆਂ ਡਾ. ਰਾਜੇਸ਼ ਅੱਤਰੀ  ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਆਪਣੇ ਘਰਾਂ, ਦੁਕਾਨਾਂ, ਵਰਕਸ਼ਾਪਾਂ ’ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ, ਗਮਲੇ ਤੇ ਫਰਿੱਜ ਦੇ ਪਿੱਛੇ ਟਰੇਅ ਆਦਿ ਵਿੱਚ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਜੋ ਕਿ ਡੇਂਗੂ ਲਾਰਵੇ ਦਾ ਮੁੱਖ ਸਰੋਤ ਬਣਦਾ ਹੈ।ਡਾ ਅੱਤਰੀ ਨੇ ਦੱਸਿਆ ਕਿ ਹਰੇਕ ਸ਼ੁੱਕਰਵਾਰ ਨੂੰ ਇਨਾਂ ਖੜੇ ਪਾਣੀ ਵਾਲੇ ਸਰੋਤਾਂ ਦੀ ਸਾਫ਼ ਸਫ਼ਾਈ ਕਰਕੇ ਚੰਗੀ ਤਰਾਂ ਸੁਕਾਓ ਅਤੇ “ਡਰਾਈ ਡੇਅ” ਮਨਾਇਆ ਜਾਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੁਕ ਕਰਨ ਲਈ ਪਿ੍ਰੰਟ ਮੀਡੀਆ, ਸੋਸ਼ਲ ਮੀਡੀਆ ਆਦਿ ਦੀ ਵਰਤੋ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਡੇਂਗੂ ਦੇ ਮੁੱਖ ਸਰੋਤ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
  ਜ਼ਿਲਾ ਪ੍ਰੋਗਰਾਮ ਅਫ਼ਸਰ ਡਾਕਟਰ. ਸੁਮੀ ਗੁਪਤਾ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ’ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਸਰੀਰ ‘ਤੇ ਧੱਫੜ, ਨੱਕ ਜਾਂ ਮਸੂੜਿਆਂ ’ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ’ਚ ਦੇਰੀ ਕਾਰਨ ਕਈ ਵਾਰ ਖ਼ਤਰੇ ਦਾ ਕਾਰਨ ਬਣ ਜਾਂਦਾ ਹੈ।ਇਸ ਮੌਕੇ  ਡਾ. ਨਰੇਸ਼ ਆਮਲਾ  ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ  ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕੀਤੀ ਜਾਂਦੀ ਰਹਿੰਦੀ ਹੈ ਅਤੇ ਜੇਕਰ ਕੋਈ ਵੀ ਲਾਰਵਾ ਮਿਲਦਾ ਹੈ ਤਾਂ  ਮੌਕੇ ’ਤੇ ਨਸ਼ਟ ਕਰ ਦਿੱਤਾ ਜਾਂਦਾ ਹੈ। ਇਸ  ਮੌਕੇ ਡਾ. ਡੀ ਪੀ ਸਿੰਘ ਸਹਾਇਕ ਸਿਵਲ ਸਰਜਨ ਮੋਗਾ, ਡਾ.  ਰਿਤੂ ਜੈਨ, ਅੰਮਿ੍ਰਤ ਸ਼ਰਮਾ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਕੁਲਬੀਰ ਕੌਰ  ਜ਼ਿਲਾ ਮਾਸ ਮੀਡੀਆ  ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਪੱਧਰ ਤੱਕ ਗੁਰਦੁਆਰਾ ਸਾਹਿਬ ਤੋਂ ਬਾਕਾਇਦਾ ਪਿੰਡਾਂ ਵਿੱਚ ਡੇਂਗੂ ਜਾਗਰੂਕਤਾ ਲਈ ਅਨਾਉਂਸਮੈਂਟ  ਫੇਸਬੁੱਕ , ਮੁਨਿਆਦੀ , ਪੰਫਲੈਂਟਸ ਵੰਡਣਾ ਆਦਿ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।