ਰਾਈਟ ਟੂ ਬਿਜ਼ਨੈਸ ਐਕਟ ਅਧੀਨ ਜਾਰੀ ਕੀਤੀਆਂ 5 ਹੋਰ ਸਿਧਾਂਤਕ ਮਨਜੂਰੀਆਂ

ਮੋਗਾ, 18 ਅਗਸਤ (ਜਸ਼ਨ)-ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਰਾਈਟ ਟੂ ਬਿਜਨੈਸ ਐਕਟ ਨਾਲ ਦਿਨੋਂ ਦਿਨ ਉਦਮੀਆਂ ਨੂੰ ਫਾਇਦਾ ਹੋ ਰਿਹਾ ਹੈ। ਜਿਸ ਨਾਲ ਐਸਪੀਰੇਸ਼ਨਲ ਜ਼ਿਲ੍ਹਾ ਮੋਗਾ ਉਦਯੋਗਿਕ ਵਿਕਾਸ ਦੇ ਨਵੇਂ ਰਾਹ ਉਤੇ ਤੁਰ ਪਿਆ ਹੈ।ਸ੍ਰ ਕੁਲਵੰਤ ਸਿੰਘ (ਆਈ.ਏ.ਐਸ) ਡਿਪਟੀ ਕਮਿਸ਼ਨਰ ਮੋਗਾ ਨੇ ਰਾਈਟ ਟੂ ਬਿਜ਼ਨੈਸ ਐਕਟ ਅਧੀਨ 5 ਹੋਰ ਸਿਧਾਂਤਕ ਮਨਜੂਰੀਆਂ ਜਾਰੀ ਕੀਤੀਆਂ ਅਤੇ ਦੱਸਿਆ ਕਿ ਇਸ ਐਕਟ ਅਧੀਨ ਜੇਕਰ ਕਿਸੇ ਵੀ ਉਦਮੀ ਨੇ ਕੋਈ ਵੀ ਨਵਾਂ ਉਦਯੋਗ ਸਥਾਪਿਤ ਕਰਨਾ ਹੋਵੇ ਤਾਂ ਸਾਰੀਆਂ ਲੋੜੀਂਦੀਆਂ ਮਨਜੂਰੀਆਂ 15 ਦਿਨਾਂ ਦੇ ਵਿੱਚ ਹੀ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ । ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਸਿਧਾਂਤਕ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ ਅਤੇ ਉਦਮੀ ਆਪਣਾ ਉਦਯੋਗ ਸਥਾਪਤ ਕਰ ਸਕਦਾ ਹੈ। ਜੇਕਰ ਕਿਸੇ ਉਦਮੀ ਨੇ ਆਪਣੀ ਇਕਾਈ ਫੋਕਲ ਪੁਆਇੰਟ ਵਿੱਚ ਸਥਾਪਿਤ ਕਰਨੀ ਹੋਵੇ ਤਾਂ ਨਿਯਮਾਂ ਅਨੁਸਾਰ ਸਾਰੀ ਕਾਰਵਾਈ ਤਿੰਨ ਦਿਨ ਦੇ ਅੰਦਰ ਹੀ ਕਰ ਦਿੱਤੀ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਵੇਂ ਐਕਟ ਨਾਲ ਪੈਦਾ ਹੋਏ ਸੁਖਾਵੇਂ ਮਾਹੌਲ ਨਾਲ ਜ਼ਿਲ੍ਹਾ ਮੋਗਾ ਉਦਯੋਗਿਕ ਵਿਕਾਸ ਦੀਆਂ ਨਵੀਆਂ ਉਚਾਈਆਂ ਵੱਲ ਵਧ ਰਿਹਾ ਹੈ। ਉਹਨਾਂ ਉਦਯੋਗਪਤੀਆਂ ਅਤੇ ਉਦਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਐਕਟ ਦਾ ਵੱਧ ਤੋਂ ਵੱਧ ਲਾਭ ਲੈਣ।
ਐਕਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰ ਸੁਖਰਾਜ ਸਿੰਘ ਵਿਰਕ, ਫੰਕਸ਼ਨਲ ਮੈਨੇਜ਼ਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਨੇ ਦੱਸਿਆ ਕਿ ਉਕਤ ਪ੍ਰਵਾਨਗੀ ਲੈਣ ਲਈ ਕੇਵਲ ਪੋਰਟਲ ਉੱਤੇ ਆਨਲਾਈਨ ਅਪਲਾਈ ਕਰਕੇ ਲੋੜੀਂਦੀ ਫੀਸ ਵੀ ਆਨਲਾਈਨ ਹੀ ਜਮਾਂ ਕਰਵਾਈ ਜਾਂਦੀ ਹੈ । ਇਸ ਤੋਂ ਇਲਾਵਾ ਜ਼ਿਲ੍ਹਾ ਉਦਯੋਗ ਕੇਂਦਰ ਰਾਈਟ ਟੂ ਬਿਜ਼ਨੈਸ ਐਕਟ, ਉਦਯੋਗਿਕ ਨੀਤੀ 2022, ਸਵੈ ਰੋਜ਼ਗਾਰ ਲਈ ਲੋਨ ਸਬਸਿਡੀ ਆਦਿ ਤਹਿਤ ਨਿਵੇਸ਼ ਆਕਰਸ਼ਿਤ ਕਰਨ ਲਈ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਹਾਇਕ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ । ਇਸ ਮੌਕੇ ਤੇ ਸੁਪਰਡੈਂਟ ਸ਼ਿਵ ਕਰਨ ਸ਼ਰਮਾ ਵੀ ਹਾਜ਼ਰ ਰਹੇ ।