ਆਜ਼ਾਦੀ ਦਿਹਾੜੇ ਨੂੰ ਸਮਰਪਿਤ ਫੁੱਟਬਾਲ ਮੈਚ ਅਤੇ ਰਿਲੇਅ ਦੌੜਾਂ ਕਰਵਾਈਆਂ,ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਬ੍ਰਾਂਚ ਨੇ ਕੀਤੀ ਬੱਚਿਆਂ ਦੀ ਹੌਂਸਲਾ ਅਫ਼ਜਾਈ- ਜਿਲ੍ਹਾ ਖੇਡ ਅਫ਼ਸਰ
ਮੋਗਾ 17 ਅਗਸਤ:(ਜਸ਼ਨ): 15 ਅਗਸਤ ਸੁਤੰਤਰਤਾ ਦਿਵਸ ਦੇ ਦਿਹਾੜੇ ਤੇ ਜਿੱਥੇ ਜਿਲ੍ਹਾ ਪੱਧਰੀ ਸਮਾਗਮ ਨਵੀਂ ਦਾਣਾ ਮੰਡੀ ਵਿੱਚ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ ਉਥੇ ਹੀ ਦਫਤਰ ਜਿਲ੍ਹਾ ਖੇਡ ਅਫਸਰ, ਮੋਗਾ ਵੱਲੋਂ ਲੜਕਿਆਂ ਦਾ ਫੁੱਟਬਾਲ ਮੈਚ ਅਤੇ ਰਿਲੇਅ ਦੌੜਾਂ ਵੀ ਕਰਵਾਈਆਂ ਗਈਆਂ।ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫ਼ਸਰ ਮੋਗਾ ਸ੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਇਸ ਮੈਚ ਵਿੱਚ ਲੜਕਿਆਂ ਵੱਲੋਂ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ । ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਦਾ ਮੁੱਖ ਮਨੋਰਥ ਬੱਚਿਆਂ ਨੂੰ ਨਸਿਆਂ ਤੋਂ ਦੂਰ ਰਹਿ ਰਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਨਾ ਦੇਣਾ ਸੀ ਕਿਉਕਿ ਨਸ਼ਾ ਮੁਕਤ ਨਰੋਏ ਅਤੇ ਆਜ਼ਾਦ ਪੰਜਾਬ ਲਈ ਹੀ ਸਾਡੇ ਮਹਾਨ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਇਹ ਮੈਚ ਅਤੇ ਰੇਸਿਜ਼ ਸਬ ਸੈਂਟਰ ਅਮੋਲ ਫੁੱਟਬਾਲ ਅਕੈਡਮੀ ਪਿੰਡ ਖੋਸਾ ਕੋਟਲਾ, ਮੋਗਾ ਵਿਖੇ ਕਰਵਾਇਆ ਗਿਆ।ਇਸ ਮੌਕੇ ਦੌਰਾਨ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਖਿਡਾਰੀਆਂ ਦਾ ਮਾਨ ਸਨਮਾਨ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈ ਕੇ ਜਿਲ੍ਹਾ ਮੋਗਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ।