ਹੇਮਕੁੰਟ ਸਕੂਲ ਵਿਖੇ ਮਨਾਇਆ ਗਿਆ ਪੰਜਾਬੀ ਫੈਸਟ, ਵਿਰਸੇ ਨੁੂੰ ਜੀਵਤ ਰੱਖਣ ਲਈ ਅਧਿਆਪਕਾਂ ਨੇ ਕੀਤੀ ਯੋਗ ਅਗਵਾਈ
ਕੋਟ ਈਸੇ ਖਾਂ, 14 ਅਗਸਤ (ਜਸ਼ਨ): ਅੱਜ ਦੇ ਸਮੇਂ ਵਿੱਚ ਹਰ ਕੋਈ ਵਿਦਿਆਰਥੀ ਸਕੂਲੀ ਵਿੱਦਿਆ ਤੋਂ ਬਾਅਦ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਤਰਜੀਹ ਦਿੰਦੇ ਹਨ , ਇੱਥੇ ਹੀ ਬੱਸ ਨਹੀਂ ਹਰ ਮਾਤਾ-ਪਿਤਾ ਇਹ ਚਾਹੁੰਦਾ ਹੈ ਕਿ ਉਸਦੇ ਬੱਚੇ ਅੰਗਰੇਜ਼ੀ ਵੱਧ ਤੋਂ ਵੱਧ ਬੋਲਣ , ਪੰਜਾਬੀ ਜੇਕਰ ਨਹੀਂ ਵੀ ਆਉਂਦੀ ਤਾਂ ਕੋਈ ਗੱਲ ਨਹੀਂ ਇਹ ਕਿੱਥੋ ਤੱਕ ਸਹੀ ਹੈ । ਜੇਕਰ ਅਸੀ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰਸੇ ਨੂੰ ਭੁੱਲ ਰਹੇ ਹਾਂ ਤਾਂ ਅਸੀ ਦੂਸਰੇ ਦੇਸ਼ਾ ਤੋਂ ਕੀ ਉਮੀਦ ਲਗਾ ਸਕਦੇ ਹਾਂ । ਹਾਂ ਇਹ ਠੀਕ ਹੈ, ਕਿ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਪਰ ਜੇਕਰ ਅਸੀ ਆਪਣੀ ਮਾਂ ਨੂੰ ਹੀ ਭੁੱਲ ਗਏ ਤਾਂ ਅਸੀ ਆਪਣੀ ਜੜ੍ਹ ਦੇ ਨਾਲੋਂ ਅਲੱਗ ਹੋ ਜਾਵਾਗੇ ।ਇਸੇ ਨੂੰ ਮੁੱਖ ਰੱਖਦੇ ਹੋਏ ਹੇਮਕੁੰਟ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜ੍ਹਨ ਲਈ ਰੰਗਾ-ਰੰਗ ਪੰਜਾਬੀ ਫੈਸਟ ਮਨਾਇਆ ਜਿਸ ਵਿੱਚ ਲੋਕ ਗੀਤ,ਸੁਹਾਗ,ਘੋੜੀਆਂ, ਗਿੱਧਾ ,ਬੋਲੀਆਂ,ਟੱਪੇ ,ਮਲਵਾਈ ਗਿੱਧਾ ਅਤੇ ਭੰਗੜਾ ਜਿਸ ਨੂੰ ਗਰੁੱਪ ਅਤੇ ਸੋਲੋ ਵਿੱਚ ਪੇਸ਼ ਕੀਤਾ। ਹਰ ਇੱਕ ਪੇਸ਼ਕਾਰੀ ਆਪਣੀ ਇੱਕ ਅਲੱਗ ਵਿਲੱਖਣਤਾ ਦਰਸਾਉਂਦੀ ਸੀ।ਸਟੇਜ ਦੀ ਭੂਮਿਕਾ ਮੈਡਮ ਮਨਦੀਪ ਵੱਲੋਂ ਨਿਭਾਈ ਗਈ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਆਪਣੇ ਸ਼ਬਦਾ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸੰਸਕ੍ਰਿਤੀ ਨੂੰ ਜੀਵਤ ਰੱਖਦੇ ਹਨ ਅਤੇ ਊਰਜਾ ਦਾ ਸੰਚਾਰ ਕਰਦੇ ਹਨ । ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਸਲਾਇਆ ਅਤੇ ਸਭ ਨੂੰ ਮੁਬਾਰਕਬਾਦ ਦਿੱਤੀ। ।ਇਸ ਸਮੇਂ ਐੱਮ.ਡੀ.ਮੈਡਮ ਰਣਜੀਤ , ਪਿ੍ਰੰਸੀਪਲ ਮੈਡਮ ਰਮਨ ਅਤੇ ਵਾਇਸ ਪਿ੍ਰੰਸੀਪਲ ਸ਼ਰਮਾ ਹਾਜ਼ਰ ਸਨ । ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆਂ ਨੇ ਪੰਜਾਬੀ ਭੋਜਣ ਦਾ ਖੂਬ ਆਨੰਦ ਮਾਣਿਆ ।