ਡੀ.ਜੀ.ਪੀ. ਪੰਜਾਬ ਵੱਲੋਂ ਪਟਿਆਲਾ ਅਤੇ ਰੋਪੜ ਰੇਂਜ ਦੀ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਣ ਸਬੰਧੀ ਸਮੀਖਿਆ ਮੀਟਿੰਗ

ਚੰਡੀਗੜ੍ਹ/ਐਸ.ਏ.ਐਸ.ਨਗਰ/ਪਟਿਆਲਾ, 8 ਅਗਸਤ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਵਿੱਚ ਪੁਖਤਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਮੰਗਲਵਾਰ ਨੂੰ ਪਟਿਆਲਾ ਅਤੇ ਰੋਪੜ ਰੇਂਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਣ ਹਿੱਤ ਦੋ ਉੱਚ- ਪੱਧਰੀ ਮੀਟਿੰਗਾਂ ਕੀਤੀਆਂ। ਪਟਿਆਲਾ ਰੇਂਜ ਦੇ ਚਾਰ ਜ਼ਿਲਿ੍ਹਆਂ- ਪਟਿਆਲਾ, ਮਲੇਰਕੋਟਲਾ, ਸੰਗਰੂਰ ਅਤੇ ਬਰਨਾਲਾ- ਦੀ ਮੀਟਿੰਗ ਪਟਿਆਲਾ ਵਿੱਚ ਹੋਈ, ਜਦੋਂ ਕਿ ਰੋਪੜ ਰੇਂਜ ਦੇ ਤਿੰਨ ਜ਼ਿਲਿ੍ਹਆਂ- ਐਸ.ਏ.ਐਸ. ਨਗਰ, ਰੂਪਨਗਰ ਅਤੇ ਫਤਹਿਗੜ੍ਹ ਸਾਹਿਬ- ਦੀ ਮੀਟਿੰਗ ਮੁਹਾਲੀ ਵਿੱਚ ਹੋਈ।ਆਪਣੀ ਪਟਿਆਲਾ ਫੇਰੀ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਮੁਲਾਜ਼ਮਾਂ ਦੀ ਭਲਾਈ ਲਈ ਬਣਾਈ ਕੰਟੀਨ ਦਾ ਉਦਘਾਟਨ ਵੀ ਕੀਤਾ, ਜਿੱਥੋਂ ਉਹ ਰਿਆਇਤੀ ਦਰਾਂ ’ਤੇ ਕਰਿਆਨੇ ਦਾ ਸਮਾਨ ਜਾਂ ਹੋਰ ਰੋਜ਼ਾਨਾ ਲੋੜ ਦੀਆਂ ਵਸਤੂਆਂ ਖਰੀਦ ਸਕਦੇ ਹਨ।ਕੰਟੀਨ ਦਾ ਉਦਘਾਟਨ ਕਰਨ ਤੋਂ ਬਾਅਦ ਡੀਜੀਪੀ ਨੇ ਕਿਹਾ, “ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਸਖ਼ਤ ਹਦਾਇਤਾਂ ਹਨ ਕਿ ਪੁਲਿਸ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਜੋ ਇਹ ਫੋਰਸ ਦੇਸ਼ ਦੀ ਸਰਵੋਤਮ ਪੁਲਿਸ ਫੋਰਸ ਵਜੋਂ ਉੱਭਰ ਕੇ ਸਾਹਮਣੇ ਆਵੇ।’’ਉਨ੍ਹਾਂ ਦੱਸਿਆ ਕਿ ਮੀਟਿੰਗਾਂ ਦੌਰਾਨ ਅਧਿਕਾਰੀਆਂ ਨੂੰ ਸੁਤੰਤਰਤਾ ਦਿਵਸ ਦੇ ਪ੍ਰਬੰਧਾਂ, ਕਾਨੂੰਨ ਵਿਵਸਥਾ ਦੇ ਮੁੱਦਿਆਂ, ਪੁਲਿਸਿੰਗ ਵਿੱਚ ਹੋਰ ਸੁਧਾਰ ਕਰਨ ਲਈ ਸੁਝਾਵਾਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਨੂੰਨ ਲਾਗੂ ਕਰਨ ਲਈ ਮੌਜੂਦਾ ਲੋੜਾਂ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ । ਉਹਨਾਂ ਨੇ  ਅਧਿਕਾਰੀਆਂ ਨਾਲ ਵੱਖ-ਵੱਖ ਸੁਰੱਖਿਆ ਅਲਰਟ ਅਤੇ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ।ਬਾਅਦ ਵਿੱਚ ਡੀਜੀਪੀ ਗੌਰਵ ਯਾਦਵ, ਪਟਿਆਲਾ ਪੁਲਿਸ ਦੁਆਰਾ ਆਯੋਜਿਤ ’ਬੜਾ ਖਾਨਾ’ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਹੋਏ, ਜਿਸ ਵਿੱਚ ਸਾਰੇ ਰੈਂਕ ਦੇ ਅਧਿਕਾਰੀਆਂ ਨੂੰ ਪੁਲਿਸ ਫੋਰਸ ਦੇ ਮੁਖੀਆਂ ਨਾਲ ਗੱਲਬਾਤ ਕਰਨ ਅਤੇ ਵਿਚਾਰ-ਵਟਾਂਦਰੇ ਦਾ ਮੌਕਾ ਮਿਲਿਆ, ਜਿਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਇੱਕਜੁੱਟ ਹੋਕੇ ਕੰਮ ਕਰਨ ਦੀ ਭਾਵਨਾ ਮਜਬੂਤ ਹੁੰਦੀ ਹੈ। ਉਨ੍ਹਾਂ ਨੇ ਪਟਿਆਲਾ ਅਤੇ ਰੋਪੜ ਰੇਂਜ ਦੇ ਉੱਚ ਕਾਰਜਕਾਰੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਲਈ ਸਨਮਾਨਿਤ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ.ਜੀ.ਪੀ., ਪਟਿਆਲਾ ਰੇਂਜ, ਮੁਖਵਿੰਦਰ ਸਿੰਘ ਛੀਨਾ, ਆਈ.ਜੀ.ਪੀ. ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ, ਐਸ.ਐਸ.ਪੀ. ਸੰਗਰੂਰ ਸੁਰਿੰਦਰ ਲਾਂਬਾ, ਐਸ.ਐਸ.ਪੀ.ਬਰਨਾਲਾ ਸੰਦੀਪ ਮਲਿਕ, ਐਸ.ਐਸ.ਪੀ. ਮਲੇਰਕੋਟਲਾ ਗੁਰਸ਼ਰਨਦੀਪ ਸਿੰਘ ਗਰੇਵਾਲ, ਐਸ.ਐਸ.ਪੀ.ਐਸਏਐਸ ਨਗਰ ਸੰਦੀਪ ਗਰਗ, ਐਸ.ਐਸ.ਪੀ.  ਰੂਪਨਗਰ ਵਿਵੇਕ ਸ਼ੀਲ ਸੋਨੀ ਅਤੇ ਐਸਐਸਪੀ ਫਤਹਿਗੜ੍ਹ ਸਾਹਿਬ ਡਾ: ਰਵਜੋਤ ਕੌਰ ਗਰੇਵਾਲ ਹਾਜ਼ਰ ਸਨ।