ਮੋਗਾ ਦੇ ਨਵੇਂ ਨਿਗਮ ਕਮਿਸ਼ਨਰ ਮੈਡਮ ਪੂਨਮ ਸਿੰਘ ਵੱਲੋਂ ਨਿਗਮ ਦੀ ਆਮਦਨੀ ਵਧਾਉਣ ਲਈ ਕੀਤੇ ਜਾ ਰਹੇ ਸਿਰਤੋੜ ਯਤਨ
ਮੋਗਾ, 8 ਅਗਸਤ:(ਜਸ਼ਨ) ਮੋਗਾ ਵਿਖੇ ਕਮਿਸ਼ਨਰ ਨਗਰ ਨਿਗਮ ਮੈਡਮ ਪੂਨਮ ਸਿੰਘ ਨੇ ਮਹਿਜ ਦੋ ਮਹੀਨਿਆਂ ਦੇ ਕਾਰਜਕਾਲ ਵਿੱਚ ਹੀ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਕੀਤਾ ਹੈ ਅਤੇ ਆਮ ਲੋਕਾਂ ਨੂੰ ਨਗਰ ਨਿਗਮ ਮੋਗਾ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਉਨ੍ਹਾਂ ਤੱਕ ਪਹੁੰਚਾਇਆ ਹੈ। ਇਹ ਯਤਨ ਅੱਗੇ ਵੀ ਕਮਿਸ਼ਨਰ ਵੱਲੋਂ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਮੈਡਮ ਪੂਨਮ ਸਿੰਘ ਨੇ 8 ਜੂਨ, 2023 ਨੂੰ ਬਤੌਰ ਕਮਿਸ਼ਨਰ ਨਗਰ ਨਿਗਮ ਮੋਗਾ ਦਾ ਚਾਰਜ ਸੰਭਾਲ ਲਿਆ ਸੀ, ਉਸੇ ਦਿਨ ਤੋਂ ਹੀ ਆਪਣੀ ਸਖਤ ਮਿਹਨਤ ਅਤੇ ਜ਼ਮੀਨੀ ਪੱਧਰ ਦੀ ਕਾਰਵਾਈ ਦੀ ਬਦੌਲਤ ਉਨ੍ਹਾਂ ਵੱਲੋਂ ਮੋਗਾ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਚੋਖਾ ਸੁਧਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੀਵਰੇਜ਼ ਬਿੱਲਾਂ, ਟੈਕਸ, ਵਾਟਰ ਸਪਲਾਈ ਬਿੱਲਾਂ ਦੇ ਡਿਫਾਲਟਰਾਂ ਵਿਰੁੱਧ ਵੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤਾਂ ਕਿ ਨਿਗਮ ਦੀ ਆਮਦਨੀ ਵਿੱਚ ਵਾਧਾ ਹੋ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਹੋਰ ਵੀ ਵਧੀਆ ਨਿਗਮ ਸਹੂਲਤਾਂ ਮੁਹੱਈਆ ਹੋ ਸਕਣ।
ਨਗਰ ਨਿਗਮ ਦੀ ਹਰ ਇੱਕ ਸ਼ਾਖਾਵਾਂ ਦੇ ਮੁਖੀਆਂ ਨਾਲ ਕਮਿਸ਼ਨਰ ਵੱਲੋਂ ਹਫ਼ਤਾਵਰੀ ਮੀਟਿੰਗਾਂ ਕਰਕੇ ਕੰਮਾਂ ਦਾ ਰੀਵਿਊ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੀ ਆਮਦਨੀ ਵਿੱਚ ਵਾਧਾ ਕਰਨ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਜਾਂਦੀਆਂ ਹਨ। ਉਕਤ ਸਦਕਾ ਪ੍ਰਾਪਰਟੀ ਟੈਕਸ ਤੋਂ 66.99 ਲੱਖ ਰੁਪਏ, ਵਾਟਰ ਸਪਲਾਈ ਤੇ ਸੀਵਰੇਜ਼ ਬਿੱਲਾਂ ਦੀ ਤੋਂ 35.10 ਲੱਖ ਰੁਪਏ, ਰੈਂਟ ਸ਼ਾਖਾ ਤੋਂ 16.76 ਲੱਖ ਰੁਪਏ, ਕਾਓਸੈੱਸ ਸ਼ਾਖਾ ਰਾਹੀਂ 8.81 ਲੱਖ ਰੁਪਏ, ਲਾਈਸੰਸ ਫੀਸ ਰਾਹੀਂ 3.36 ਲੱਖ ਆਮਦਨੀ ਨਗਰ ਨਿਗਮ ਮੋਗਾ ਨੂੰ ਪ੍ਰਾਪਤ ਹੋਈ ਹੈ।
ਕਮਿਸ਼ਨਰ ਨਗਰ ਨਿਗਮ ਮੈਡਮ ਪੂਨਮ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਵਧੀਆ ਨਿਗਮ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਦੀ ਆਮਦਨੀ ਵਧਾਉਣੀ ਬਹੁਤ ਹੀ ਜਰੂਰੀ ਹੈ ਜਿਸ ਲਈ ਉਨ੍ਹਾਂ ਵੱਲੋਂ ਸਮੂਹ ਸ਼ਾਖਾਵਾਂ ਨਾਲ ਮਿਲ ਕੇ ਜ਼ਮੀਨੀ ਪੱਧਰ ਦਾ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਨੂੰ ਸੁੰਦਰਤਾ ਪੱਖੋਂ, ਹਰਿਆਲੀ ਪੱਖੋਂ ਅਤੇ ਆਮਦਨੀ ਪੱਖੋਂ ਨੰਬਰ ਇੱਕ ਤੇ ਲਿਆਂਦਾ ਜਾਵੇਗਾ।