ਅਸ਼ਲੀਲ ਵੀਡਓ ਮਾਮਲੇ ‘ਚ ਪੰਜਾਬ ਪੁਲਿਸ ਦੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਖਿਲਾਫ਼ ਐੱਫ ਆਈ ਆਰ ਦਰਜ, ਯੂਥ ਆਗੂ ਬਲਕਾਰ ਸਿੰਘ ਭੁੱਲਰ ਨੇ ਕੀਤੇ ਵੱਡੇ ਖੁਲਾਸੇ

ਮੋਗਾ, 7 ਅਗਸਤ (ਜਸ਼ਨ): ਤਿੰਨ ਕਰੋੜ ਰੁਪਏ ਦੀ ਠੱਗੀ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਖਿਲਾਫ਼ ਯੂਥ ਆਗੂ ਬਲਕਾਰ ਸਿੰਘ ਭੁੱਲਰ ਨੂੰ ਐਡਿਟਡ ਅਸ਼ਲੀਲ ਵੀਡੀਓ ਰਾਹੀਂ ਬਦਨਾਮ ਕਰਨ ਦੀ ਸਾਜਿਸ਼ ਘੜਨ ’ਤੇ, ਮੋਗਾ ਦੇ ਥਾਣਾ ਸਿਟੀ -1 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇੰਨਫਾਰਮੇਸ਼ਨ ਐਕਟ ਤਹਿਤ ਕਿਸੇ ਦੀਆਂ ਨਿੱਜੀ ਤਸਵੀਰਾਂ ਜਾਂ ਜਿਨਸੀ ਕਿਰਿਆਵਾਂ ਵਾਲੇ ਚਿਤਰਾਂ ਨੂੰ ਪ੍ਰਕਾਸ਼ਿਤ ਕਰਨ ਦੇ ਸਬੰਧ ਵਿਚ ਦਰਜ ਕੀਤਾ ਗਿਆ ਹੈ। 

ਐੱਫ ਆਈ ਆਰ ਮੁਤਾਬਕ ਬਲਕਾਰ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਨੇ ਉਸ ਦੇ ਤਿੰਨ ਕਰੋੜ ਰੁਪਏ ਹੜੱਪ ਲਏ ਹਨ ਜਿਸਦੀ ਜਾਂਚ ਵਿਜੀਲੈਂਸ ਵਿਭਾਗ ਕਰ ਰਿਹਾ ਹੈ ਪਰ ਪੁਸ਼ਪਿੰਦਰ ਸਿੰਘ ਪੱਪੀ  ਇਹ ਸ਼ਿਕਾਇਤ ਵਾਪਸ ਲੈਣ ਲਈ ਉਸ ’ਤੇ ਅਤੇ ਉਸ ਦੇ ਭਰਾ ’ਤੇ ਵੱਖ ਵੱਖ ਤਰੀਕਿਆਂ ਨਾਲ ਦਬਾਅ ਬਣਾ ਰਿਹਾ ਹੈ। ਬਲਕਾਰ ਸਿੰਘ ਨੇ ਸ਼ਿਕਾਇਤ ਵਿਚ ਲਿਖਿਆ ਕਿ ਪੁਸ਼ਪਿੰਦਰ ਸਿੰਘ ਪੱਪੀ ਨੇ ਇਟਲੀ ਰਹਿੰਦੀ ਇਕ ਔਰਤ ਨਾਲ ਸਾਜ਼ਬਾਗ ਹੋ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ । ਜਾਂਚ ਉਪਰੰਤ ਪੁਸ਼ਪਿੰਦਰ ਸਿੰਘ ਪੱਪੀ ਖਿਲਾਫ਼ ਇੰਫਰਮਾਸੇਸ਼ਨ ਟੈਕਨਾਲੌਜੀ 2000 ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 
ਮੀਡੀਆ ਨਾਲ ਗੱਲਬਾਤ ਕਰਦਿਆਂ ਪੁਸ਼ਪਿੰਦਰ ਸਿੰਘ ਪੱਪੀ ਦਾ ਆਖਣਾ ਹੈ ਕਿ ਉਸ ਉੱਤੇ ਲਗਾਏ ਦੋਸ਼ ਬੇਬੁਨਿਆਦ ਹਨ । ਉਹਨਾਂ ਦਾ ਆਖਣਾ ਹੈ ਕਿ ਬਲਕਾਰ ਸਿੰਘ ਭੁੱਲਰ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਨਾਲ ਉਸ ਦਾ ਕੋਈ ਸਬੰਧ ਨਹੀਂ 
ਪਰ ਇਸਦੇ ਉਲਟ ਬਲਕਾਰ ਸਿੰਘ ਭੁੱਲਰ ਵੱਲੋਂ ਮੀਡੀਆ ਨੂੰ ਜਾਰੀ ਕੀਤੀ ਆਡੀਓ ਵਿਚ ਪੁਸ਼ਪਿੰਦਰ ਸਿੰਘ ਪੱਪੀ ਸ਼ਰੇਆਮ ਕਿਸੇ ਔਰਤ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਭੁੱਲਰ ਖਿਲਾਫ਼ ਕਿਸੇ ਸਾਜਿਸ਼ਾਨਾ ਘਟਨਾ ਨੂੰ ਅੰਜਾਮ ਦੇਣ ਲਈ ਆਖ ਰਹੇ ਹਨ।  

ਜ਼ਿਕਰਯੋਗ ਹੈ ਕਿ  ਯੂਥ ਆਗੂ ਬਲਕਾਰ ਸਿੰਘ ਭੁੱਲਰ ਕਈ ਸਾਲ ਪਹਿਲਾਂ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਦੇ ਨਾਲ ਮਿਲ ਕੇ ਰੀਅਲ ਅਸਟੇਟ ਦਾ ਕੰਮ ਕਰਦਾ ਸੀ । ਇਸੇ ਸਬੰਧ ਵਿਚ  ਬਲਕਾਰ ਸਿੰਘ ਭੁੱਲਰ ਦਾ ਆਖਣਾ ਹੈ ਕਿ ਉਹ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ ਅਤੇ ਉਸ ਨੇ ਕਾਫ਼ੀ ਪੈਸਾ ਪੁਸ਼ਪਿੰਦਰ ਸਿੰਘ ਪੱਪੀ ਨੂੰ ਦਿੱਤਾ ਤਾਂ ਕਿ ਉਹ ਕਿਸੇ ਏਜੰਟ ਰਾਹੀਂ ਕਾਨੂੰਨੀ ਰੂਪ ਵਿਚ ਉਸਨੂੰ ਵਿਦੇਸ਼ ਭੇਜ ਸਕੇ ਪਰ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਨੇ ਉਸ ਨੂੰ ਗੁਮਰਾਹ ਕਰਕੇ ਉਸ ਦੇ ਪਿੰਡ ਦੀ ਸਾਰੀ ਜ਼ਮੀਨ ਵਿਕਵਾ ਕੇ ਮੋਗਾ ਵਿਖੇ ਰੀਅਲ ਅਸਟੇਟ ਕੰਪਨੀ ਵਿਚ ਲਗਵਾ ਦਿੱਤੀ ਤੇ ਫੇਰ ਸਾਜਿਸ਼ ਰੱਚਦਿਆਂ ਉਸ ਨੂੰ ਕੰਪਨੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। 
ਵਿਜੀਲੈਂਸ ਵੱਲੋਂ ਬਲਕਾਰ ਸਿੰਘ ਭੁੱਲਰ ਵੱਲੋ ਕੀਤੀ ਸ਼ਿਕਾਇਤ ’ਤੇ ਪੁਸ਼ਪਿੰਦਰ ਸਿੰਘ ਪੱਪੀ ਖਿਲਾਫ਼ ਤਿੰਨ ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।