ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਪਿ੍ਰਤਪਾਲ ਸਿੰਘ ਖਾਲਸਾ ਨੂੰ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦੇ ਪ੍ਰਧਾਨ ਕੀਤਾ ਨਿਯੁਕਤ

Tags: 

*ਪੱਤਰਕਾਰ ਪਰਦੀਪ ਸਿੰਘ ਗਿੱਲ ਨੂੰ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦਾ ਪ੍ਰੈਸ ਸਕੱਤਰ ਥਾਪਿਆ

ਚੰਡੀਗੜ੍ਹ, 5 ਅਗਸਤ ( ਜਸ਼ਨ)- ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਗੱਤਕਾ ਫੈਡਰੇਸ਼ਨ ਯੂ.ਐਸ.ਏ. ਨੇ ਦੋ ਨਾਮਵਰ ਸ਼ਖ਼ਸੀਅਤਾਂ ਨੂੰ ਦੋ ਖੇਡ ਸੰਸਥਾਵਾਂ ਅੰਦਰ ਅਹਿਮ ਅਹੁਦਿਆਂ ‘ਤੇ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਪਿ੍ਰਤਪਾਲ ਸਿੰਘ ਖਾਲਸਾ ਨੂੰ ਗੱਤਕਾ ਐਸੋਸੀਏਸ਼ਨ ਨਿਊ ਜਰਸੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ, ਜਦੋਂ ਕਿ ਪੱਤਰਕਾਰ ਪਰਦੀਪ ਸਿੰਘ ਗਿੱਲ ਨੂੰ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਹੈ। ਨਿਊ ਜਰਸੀ ਵਿਖੇ ਖਾਲਸਾ ਤੇ ਗਿੱਲ ਨੂੰ ਸਿਰਪਾਓ ਸਮੇਤ ਨਿਯੁਕਤੀ ਪੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ.ਦੀਪ ਸਿੰਘ ਵੱਲੋਂ ਸੌਂਪੇ ਗਏ।ਇਸ ਮੌਕੇ ਗੱਤਕਾ ਪ੍ਰੋਮੋਟਰਜ ਗਰੇਵਾਲ ਅਤੇ ਡਾ. ਦੀਪ ਸਿੰਘ ਨੇ ਸਾਬਕਾ ਖਿਡਾਰੀ ਖ਼ਾਲਸਾ ਅਤੇ ਖੇਡ ਸੱਭਿਆਚਾਰ ਪ੍ਰਮੋਟਰ ਗਿੱਲ ਦੀ ਅਗਵਾਈ ਹੇਠ ਅਮਰੀਕਾ ਅੰਦਰ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਤਰੱਕੀ ਅਤੇ ਵਿਕਾਸ ਲਈ ਆਸ ਪ੍ਰਗਟਾਈ। ਸੌਂਪੇ ਗਏ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਨਵ-ਨਿਯੁਕਤ ਸਟੇਟ ਪ੍ਰਧਾਨ ਖਾਲਸਾ ਤੇ ਕੌਮੀ ਪ੍ਰੈਸ ਸਕੱਤਰ ਗਿੱਲ ਨੇ ਨਿਊ ਜਰਸੀ ਸਮੇਤ ਪੂਰੇ ਅਮਰੀਕਾ ਵਿੱਚ ਗੱਤਕੇ ਦੀ ਅਮੀਰ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਪ੍ਰਧਾਨ ਗਰੇਵਾਲ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਤੋਂ ਇਲਾਵਾ ਗੁਰਦੁਆਰਾ ਗਲੈਨ ਰੌਕ, ਨਿਊ ਜਰਸੀ ਦੇ ਸਾਬਕਾ ਪ੍ਰਧਾਨ, ਕਾਰੋਬਾਰੀ ਅਤੇ ਪੰਜਾਬ ਗਲੋਬਲ ਟੀਵੀ ਦੇ ਚੇਅਰਮੈਨ ਸ. ਹਰਭਜਨ ਸਿੰਘ ਨੇ ਵੀ ਪਿ੍ਰਤਪਾਲ ਸਿੰਘ ਖਾਲਸਾ ਅਤੇ ਪਰਦੀਪ ਗਿੱਲ ਨੂੰ ਅਮਰੀਕਾ ਦੀਆਂ ਗੱਤਕਾ ਸੰਸਥਾਵਾਂ ਵਿੱਚ ਉਨ੍ਹਾਂ ਦੀਆਂ ਨਵੀਆਂ ਭੂਮਿਕਾਵਾਂ ਲਈ ਹਾਰਦਿਕ ਵਧਾਈ ਦਿੱਤੀ।ਇਸ ਦੌਰਾਨ, ਗੱਤਕਾ ਫੈਡਰੇਸ਼ਨ ਯੂਐਸਏ ਨੇ ਖਾਲਸਾ ਅਤੇ ਗਿੱਲ ਦੋਵਾਂ ਨੂੰ ਆਪੋ-ਆਪਣੀ ਭੂਮਿਕਾ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਸੰਸਥਾਵਾਂ ਅਮਰੀਕਾ ਵਿੱਚ ਗੱਤਕੇ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਅਤੇ ਪ੍ਰਾਪਤੀਆਂ ਦੀ ਉਮੀਦ ਕਰੇਗੀ। ਖਾਲਸਾ ਅਤੇ ਗਿੱਲ ਦੀਆਂ ਨਿਯੁਕਤੀਆਂ ਗੱਤਕਾ ਫੈਡਰੇਸ਼ਨ ਅਮਰੀਕਾ ਲਈ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਇੰਨ੍ਹਾ ਦੋਵਾਂ ਸਖਸ਼ੀਅਤਾਂ ਕੋਲ ਸੱਭਿਆਚਾਰ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਤਜਰਬਾ, ਲਗਨ ਅਤੇ ਮਿਹਨਤ ਕਰਨ ਦਾ ਜਨੂੰਨ ਹੈ।