ਰਿਸ਼ਵਤ ਦੇ ਦੋਸ਼ 'ਚ ਦੋ ਏ.ਐਸ.ਆਈ ਕਾਬੂ,ਲੁਧਿਆਣਾ ਅਤੇ ਫਰੀਦਕੋਟ ਜ਼ਿਲ੍ਹਿਆਂ ਵਿਚ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ

Tags: 

ਚੰਡੀਗੜ੍ਹ, 2 ਅਗਸਤ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :  ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਥਾਣਾ ਕੂਮ ਕਲਾਂ ਵਿਖੇ ਤਾਇਨਾਤ ਐਮ.ਐਚ.ਸੀ. (ਮੁਨਸ਼ੀ) ਹਰਦੀਪ ਸਿੰਘ (ਏ.ਐਸ.ਆਈ.) ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਆਬਾ ਭੈਣੀ ਦੀ ਰਹਿਣ ਵਾਲੀ ਏਕਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।

         ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਏਕਤਾ ਨੇ 21-07-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 13.4.2023 ਨੂੰ  ਉਸਦੇ ਭਰਾ ਦੀਪਕ ਕੁਮਾਰ ਤੇ ਹੋਰਨਾਂ ਖ਼ਿਲਾਫ਼ ਥਾਣਾ ਕੂਮ ਕਲਾਂ ਵਿਖੇ ਆਈ.ਪੀਸੀ ਦੀ ਧਾਰਾ 323, 341, 506, 148,149 ਤਹਿਤ ਐਫ.ਆਈ.ਆਰ. ਨੰਬਰ 38 ਦਰਜ ਕੀਤੀ ਗਈ ਸੀ।  ਉਸ ਦਾ ਭਰਾ ਦੀਪਕ ਵੀ ਜ਼ਖਮੀ ਹੋਇਆ ਸੀ, ਜਿਸ ਕਾਰਨ ਉਸ (ਦੀਪਕ ) ਨੇ ਵੀ ਅਵਤਾਰ ਸਿੰਘ ਅਤੇ ਹੋਰਾਂ ਖ਼ਿਲਾਫ ਆਈ.ਪੀ.ਸੀ. ਦੀਆਂ ਧਾਰਾਵਾਂ 326, 323, 341, 506, 148,149 ਤਹਿਤ ਕਰਾਸ ਐਫ.ਆਈ.ਆਰ. ਦਰਜ ਕਰਵਾਈ ਸੀ।

ਸ਼ਿਕਾਇਤਕਰਤਾ  ਨੇ ਦੋਸ਼ ਲਾਇਆ ਕਿ ਕਰਾਸ ਐਫ.ਆਈ.ਆਰ. ਅਧੀਨ ਵਿਰੋਧੀ ਧਿਰ ਖ਼ਿਲਾਫ਼ ਕਾਰਵਾਈ ਲਈ ਐਸ.ਐਚ.ਓ. ਪਰਮਜੀਤ ਸਿੰਘ (ਐਸ.ਆਈ.) ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਐਮ.ਐਚ.ਸੀ. ਹਰਦੀਪ ਸਿੰਘ ਨੇ 50,000 ਰੁਪਏ ਵਿੱਚ ਸੌਦਾ ਤੈਅ ਕਰਵਾ ਦਿੱਤਾ ਸੀ।  ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਏ.ਐਸ.ਆਈ. ਰਣਧੀਰ ਸਿੰਘ ਨੇ ਉਸ ਤੋਂ 35,000 ਰੁਪਏ  ਰਿਸ਼ਵਤ ਲਈ ਅਤੇ ਐਮ.ਐਚ.ਸੀ. ਹਰਦੀਪ ਸਿੰਘ ਨੇ  20,000 ਰੁਪਏ ਵੱਖਰੇ ਤੌਰ ’ਤੇ ਲਏ ਹਨ। ਉਸਨੇ ਵਿਜੀਲੈਂਸ ਨੂੰ ਐਮ.ਐਚ.ਸੀ. ਹਰਦੀਪ ਸਿੰਘ ਨਾਲ ਰਿਸ਼ਵਤ ਲੈਣ-ਦੇਣ ਸਬੰਧੀ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੌਪੀ ਹੈ।

          ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਅਤੇ ਕਾਲ ਰਿਕਾਰਡਿੰਗ ਦੀ ਜਾਂਚ  ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ  ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫਆਈਆਰ ਨੰਬਰ 18 ਮਿਤੀ 02.08.2023 ਨੂੰ ਦਰਜ ਕਰਕੇ ਮੁਲਜ਼ਮ  ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।  ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਐਸ.ਐਚ.ਓ. ਪਰਮਜੀਤ ਸਿੰਘ ਅਤੇ ਏਐਸਆਈ ਰਣਧੀਰ ਸਿੰਘ ਦੀ ਭੂਮਿਕਾ ਦੀ  ਜਾਂਚ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਇਕ ਵੱਖਰੀ ਕਾਰਵਾਈ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੂਮੈਨ ਸੈੱਲ, ਫ਼ਰੀਦਕੋਟ ਵਿਖੇ ਤਾਇਨਾਤ ਇੱਕ ਮਹਿਲਾ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਹਰਜਿੰਦਰ ਕੌਰ ਨੂੰ 75,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਏ.ਐਸ.ਆਈ. ਨੂੰ ਮਨਜੀਤ ਕੌਰ ਵਾਸੀ ਪਿੰਡ ਝੱਖੜਵਾਲਾ ਤਹਿਸੀਲ ਜੈਤੋ (ਫ਼ਰੀਦਕੋਟ) ਦੀ ਸ਼ਿਕਾਇਤ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਨੇ 31-07-2030 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 3 ਫਰਵਰੀ, 2016 ਨੂੰ ਗੁਰਸਿਮਰਤ ਸਿੰਘ ਨਾਲ ਹੋਇਆ ਸੀ, ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਦਾ ਨਾਗਰਿਕ ਹੈ। ਉਸਨੇ ਆਪਣੇ ਐਨ.ਆਰ.ਆਈ. ਪਤੀ ਖ਼ਿਲਾਫ਼ ਐਸ.ਐਸ.ਪੀ. ਦਫ਼ਤਰ ਫ਼ਰੀਦਕੋਟ ਵਿਖੇ ਧੋਖਾਧੜੀ ਅਤੇ 60 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਹਰਜਿੰਦਰ ਕੌਰ ਨੂੰ ਸੌਂਪੀ ਗਈ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਏ.ਐਸ.ਆਈ. ਮੁਲਜ਼ਮ ਧਿਰ ਖ਼ਿਲਾਫ਼ ਕਾਰਵਾਈ ਕਰਨ ਲਈ ਉਸ ਕੋਲੋਂ ਰਿਸ਼ਵਤ ਵਜੋਂ 75 ਹਜ਼ਾਰ ਰੁਪਏ ਪਹਿਲਾਂ ਹੀ ਲੈ ਚੁੱਕੀ ਹੈ ਅਤੇ ਹੁਣ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਬਦਲੇ 1 ਲੱਖ ਰੁਪਏ ਹੋਰ ਮੰਗ ਰਹੀ ਹੈ। ਉਸ ਨੇ ਸ਼ਿਕਾਇਤ ਨਾਲ ਵਿਜੀਲੈਂਸ ਬਿਊਰੋ ਨੂੰ ਮੁਲਜ਼ਮ ਏ.ਐਸ.ਆਈ. ਦੀਆਂ ਕਾਲ ਰਿਕਾਰਡਿੰਗਾਂ ਵੀ ਸੌਂਪੀਆਂ ਹਨ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 19 ਮਿਤੀ 02-08-2023 ਦਰਜ ਕਰਨ ਬਾਅਦ ਅੱਜ ਮਹਿਲਾ ਏ.ਐਸ.ਆਈ. ਹਰਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।