ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਹਾਇਕ ਕਮਿਸ਼ਨਰ ਵੱਲੋਂ ਸਮੂਹ ਵਿਭਾਗਾਂ ਨਾਲ ਮੀਟਿੰਗ
*7 ਤੋਂ 11 ਅਗਸਤ ਤੱਕ ਚੱਲਣਗੀਆਂ ਰਿਹੱਸਲਾਂ, ਫੁੱਲ ਡਰੈੱਸ ਰਿਹੱਸਲ 12 ਅਗਸਤ ਨੂੰ-ਸਹਾਇਕ ਕਮਿਸ਼ਨਰ (ਜ਼)
ਮੋਗਾ, 2 ਅਗਸਤ (ਜਸ਼ਨ): ਸਾਲ 20223 ਦਾ 15 ਅਗਸਤ ਆਜ਼ਾਦੀ ਦਿਵਸ ਸਮਾਗਮ ਨਵੀਂ ਅਨਾਜ ਮੰਡੀ ਮੋਗਾ ਵਿਖੇ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ।ਆਜ਼ਾਦੀ ਦਿਵਸ ਸਮਾਰੋਹ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਅਤੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਹਾਇਕ ਕਮਿਸ਼ਨਰ (ਜ਼) ਹਰਜੋਤ ਕੌਰ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਆਜ਼ਾਦੀ ਦਿਵਸ ਪੂਰੇ ਜੋਸ਼ ਅਤੇ ਸ਼ਰਧਾ ਪੂਰਵਕ ਢੰਗ ਨਾਲ ਮਨਾਇਆ ਜਾਵੇਗਾ।ਸਮੂਹ ਅਧਿਕਾਰੀ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਪ੍ਰਤੀ ਡਿਊਟੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ, ਤਾਂ ਜੋ ਇਸ ਰਾਸ਼ਟਰੀ ਸਮਾਰੋਹ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ.ਸ਼ੋਅ ਪੇਸ਼ ਕੀਤਾ ਜਾਵੇਗਾ ਅਤੇ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡ ਤੇ ਐਨ.ਸੀ.ਸੀ.ਕੈਡਿਟਾਂ ਵੱਲੋਂ ਮਾਰਚ ਪਾਸਟ ਰਾਹੀਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਆਜ਼ਾਦੀ ਦਿਵਸ ਨੂੰ ਪ੍ਰਵਾਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰਿਹੱਸਲਾਂ 7 ਅਗਸਤ ਤੋਂ 11 ਅਗਸਤ ਤੱਕ ਸਵੇਰੇ 8:30 ਵਜੇ ਤੋਂ ਨਵੀਂ ਦਾਣਾ ਮੰਡੀ ਮੋਗਾ ਵਿਖੇ ਕਰਵਾਈਆਂ ਜਾਣਗੀਆਂ। ਵਰਦੀਆਂ ਸਮੇਤ ਫੁੱਲ ਡਰੈੱਸ ਰਿਹੱਸਲ 12 ਅਗਸਤ, 2023 ਨੂੰ ਕਰਵਾਈ ਜਾਵੇਗੀ।