ਮੋਗਾ ਲੁਧਿਆਣਾ ਹਾਈਵੇ ’ਤੇ ਦੋ ਸਕੂਲੀ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ, ਤਿੰਨ ਬੱਚੇ ਗੰਭੀਰ , ਕਈ ਬੱਚੇ ਜ਼ਖਮੀ

ਮੋਗਾ, 2 ਅਗਸਤ (ਜਸ਼ਨ): ਮੋਗਾ ਲੁਧਿਆਣਾ ਰੋਡ ਤੇ ਅੱਜ ਸਵੇਰੇ ਸਕੂਲੀ ਬੱਸਾਂ ਨਾਲ ਪਿੱਛੋਂ ਆ ਰਹੇ ਟਰੱਕ ਦੇ ਟਕਰਾਅ ਜਾਣ ਕਾਰਨ ਵਾਪਰੇ ਹਾਦਸੇ ਵਿਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਪਲਟ ਗਈ, ਇਸ ਹਾਦਸੇ ਵਿਚ ਤਿੰਨ ਵਿਦਿਆਰਥੀ ਗੰਭੀਰ ਜਖਮੀਂ ਹੋਏ ਹਨ ਜਦਕਿ ,ਅਧਿਆਪਕ ਸਮੇਤ ਕਈ ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਗਾ ਲੁਧਿਆਣਾ ਰੋਡ ’ਤੇ ਸਥਿਤ ਇਕ ਨਿੱਜੀ ਸਕੂਲ ਦੀਆਂ ਦੋ ਬੱਸਾਂ ਲੁਧਿਆਣਾ ਵਾਲੇ ਪਾਸੇ ਤੋਂ ਆ ਕੇ ਸੱਜੇ ਪਾਸੇ ਸਥਿਤ ਸਕੂਲ ਵੱਲ ਮੁੜਨ ਲਈ ਯੂ ਟਰਨ ਲੈਣ ਲਈ ਖੜ੍ਹੀਆਂ ਸਨ ਤਾਂ ਲੁਧਿਆਣਾ ਵਾਲੇ ਪਾਸਿਓਂ ਹੀ ਆ ਰਹੇ ਟਰੱਕ ਨੇ ਬੱਸ ਨੂੰ ਪਿੱਛੋਂ ਜਬਰਦਰਸਤ ਟੱਕਰ ਮਾਰ ਦਿੱਤੀ ਜਿਸ ਨਾਲ ਬੱਸ ਅੱਗੇ ਖੜ੍ਹੀ ਇਕ ਹੋਰ ਬੱਸ ਨਾਲ ਟੱਕਰਾਉਣ ਉਪਰੰਤ ਪਲਟ ਗਈ ।
ਚਸ਼ਮਦੀਦਾਂ ਮੁਤਾਬਕ ਹਾਦਸਾ ਕਾਫੀ ਭਿਆਨਕ ਸੀ ਤੇ ਕਈ ਬੱਚੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਹਨਾਂ ਦੱਸਿਆ ਕਿ ਟਰੱਕ ਤੇਜ਼ ਰਫਤਾਰ ਸੀ ਅਤੇ ਉਹ ਬੱਸ ਨੂੰ ਟੱਕਰ ਮਾਰਨ ਉਪਰੰਤ ਬੇਕਾਬੂ ਹੋ ਕੇ ਕੰਧ ਵਿਚ ਜਾ ਵੱਜਿਆ।
ਪੁਲਿਸ ਜਾਂਚ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਸਾਂ ਸਕੂਲ ਜਾਣ ਲਈ ਪਿੰਡ ਮਹਿਣਾ ਨਜ਼ਦੀਕ ਯੂ ਟਰਨ ਲੈਣ ਲਈ ਇੰਤਜ਼ਾਰ ਕਰ ਰਹੀਆਂ ਸਨ ਉਦੋਂ ਹੀ ਪਿੱਛੋਂ ਆ ਕੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਉਹਨਾਂ ਦੱਸਿਆ ਕਿ ਇਸ ਘਟਨਾ ਵਿਚ 26 ਦੇ ਕਰੀਬ ਵਿਦਿਆਰਥੀਆਂ ਅਤੇ ਬੱਸ ਚਾਲਕ ਜ਼ਖਮੀ ਹੋਇਆ ਹੈ।
ਜ਼ਖਮੀ ਵਿਦਿਅਥੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਟਰੱਕ ਵਾਲੇ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।