ਮੋਗਾ ਠਾਣੇ ਦੇ ਸਾਮ੍ਹਣੇ ਗੁੰਡਾਗਰਦੀ ਦਾ ਨੰਗਾ ਨਾਚ ,ਮੇਨ ਚੌਂਕ ਵਿਚ ਨੌਜਵਾਨਾਂ ਦੇ ਦੋ ਗਰੁਪਾਂ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਹੋਈ ਲੜਾਈ

Tags: 

ਮੋਗਾ, 30 ਜੁਲਾਈ (ਜਸ਼ਨ): ਅੱਜ ਮੋਗਾ ਥਾਣੇ ਦੇ ਐਨ ਸਾਹਮਣੇ  ਨੌਜਵਾਨਾਂ ਦੇ ਦੋ ਸਮੂਹਾਂ ਵਿਚ ਹੋਈ ਭਿਆਨਕ ਲੜਾਈ ਵਿਚ 9 ਦੇ ਕਰੀਬ ਨੌਜਵਾਨ ਜ਼ਖਮੀ ਹੋ ਗਏ।
ਇਸ ਲੜਾਈ ਦੇ ਚਸ਼ਮਦੀਦਾਂ ਮੁਤਾਬਕ ਨੌਜਵਾਨਾਂ ਨੇ ਕਿਰਪਾਨਾਂ ,ਬੇਸਬਾਲਾਂ ਅਤੇ ਡਾਂਗਾਂ ਦਾ ਇਸਤੇਮਾਲ ਕਰਦਿਆਂ ਲੜਾਈ ਨੂੰ ਅੰਜਾਮ ਦਿੱਤਾ। ਚਸ਼ਮਦੀਦਾਂ ਮੁਤਾਬਕ 20 ਦੇ ਕਰੀਬ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅਤੇ ਇਕ ਹੋਰ ਗੱਡੀ ਵਿਚ ਸਵਾਰ ਨੌਜਵਾਨਾਂ ਨੂੰ ਗੱਡੀ ਵਿਚੋਂ ਕੱਢ ਕੇ ਕੁੱਟ ਮਾਰ ਕੀਤੀ।        ਗੁੰਡਾਗਰਦੀ ਦੇ ਇਸ ਨੰਗੇ ਨਾਚ ਬਾਰੇ ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਨੋਜਵਾਨਾਂ ਦੇ ਦੋਨਾਂ ਗਰੁੱਪਾਂ ਵਿਚਾਲੇ ਪਹਿਲਾਂ ਲੋਹਾਰਾ ਚੌਂਕ ਵਿਚ ਤਕਰਾਰਬਾਜ਼ੀ ਹੋਈ ਤੇ ਫਿਰ ਇਹ ਦੋਨੋਂ ਗਰੁੱਪ ਸ਼ਹਿਰ ਦੇ ਮੇਨ ਚੌਂਕ ਵਿਚ ਦੁਬਾਰਾ ਭਿੜ ਗਏ। ਉਹਨਾਂ ਕਿਹਾ ਕਿ ਦੋਨਾਂ ਧਿਰਾਂ ਇਕ ਦੂਜੇ ’ਤੇ ਇਲਜ਼ਾਮ ਲਗਾ ਰਹੀਆਂ ਹਨ । ਇਸ ਲੜਾਈ ਵਿਚ ਜ਼ਖਮੀ ਹੋਏ 9 ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਜਦਕਿ ਮੋਗਾ ਪੁਲਿਸ ਨੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਇਸ ਸਮੁੱਚੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮੋਗਾ ਵਾਸੀਆਂ ਵਿਚ ਇਸ ਗੱਲ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ ਕਿ ਜੇ ਮੋਗਾ ਦੇ ਮੇਨ ਚੌਂਕ ਅਤੇ ਥਾਣੇ ਦੇ ਬਿਲਕੁੱਲ ਸਾਹਮਣੇ ਗੁੰਡਾਗਰਦੀ ਦਾ ਇਹ ਨੰਗਾ ਨਾਚ ਹੋਇਆ ਹੈ ਤਾਂ ਆਮ ਲੋਕ ਸੁਰੱਖਿਆ ਦੀ ਕੀ ਆਸ ਕਰਨਗੇ। ਇਹ ਵੀ ਵਰਨਣਯੋਗ ਹੈ ਕਿ ਸ਼ਹਿਰ ਵਿਚ ਰੋਜ਼ਾਨਾਂ ਬਿਨਾਂ ਨੰਬਰੀ ਮੋਟਰਸਾਈਕਲਾਂ ’ਤੇ ਨੌਜਵਾਨ ਮੂੰਹ ਬੰਨੀ ਦਨਦਨਾਉਂਦੇ ਘੁੰਮਦੇ ਨੇ ਪਰ ਪੁਲਿਸ ਮੂਕ ਦਰਸ਼ਕ ਬਣੀ ਰਹਿੰਦੀ ਹੈ ਅਤੇ ਅਜਿਹੇ ਨੌਜਵਾਨਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।