ਨਗਰ ਨਿਗਮ ਮੋਗਾ ਨੇ ਪਾਰਕਾਂ ਦੀ ਸਾਫ਼ ਸਫ਼ਾਈ ਅਤੇ ਸੁੰਦਰੀਕਰਨ ਲਈ 35 ਮਾਲੀਆਂ ਦੀ ਕੀਤੀ ਭਰਤੀ
ਮੋਗਾ, 28 ਜੁਲਾਈ:(ਜਸ਼ਨ) ਨਗਰ ਨਿਗਮ ਮੋਗਾ, ਸ਼ਹਿਰ ਦੇ ਪਾਰਕਾਂ ਦੀ ਸਾਫ਼-ਸਫ਼ਾਈ ਕਰਵਾ ਕੇ ਮੋਗਾ ਸ਼ਹਿਰ ਦੇ ਸ਼ੁੰਦਰੀਕਰਨ ਵਿੱਚ ਹੋਰ ਵਾਧਾ ਕਰ ਰਿਹਾ ਹੈ। ਸ਼ਹਿਰ ਵਿੱਚ ਪਲਾਂਟੇਸ਼ਨ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਕਿ ਸ਼ਹਿਰ ਨੂੰ ਹੋਰ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਵਾਤਾਵਰਨ ਵਿੱਚ ਵੀ ਸੁਧਾਰ ਹੋ ਸਕੇ। ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਪਾਰਕਾਂ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਨ ਲਈ 35 ਮਾਲੀਆਂ ਦੀ ਆਊਟਸੋਰਸ ਵਿਧੀ ਰਾਹੀਂ ਭਰਤੀ ਕੀਤੀ ਗਈ ਹੈ। ਇਹ 35 ਮਾਲੀ ਰੋਜ਼ਾਨਾ ਸ਼ਹਿਰ ਦੇ ਵੱਖ ਵੱਖ ਪਾਰਕਾਂ ਦੀ ਦੇਖਭਾਲ, ਸਾਫ਼ ਸਫ਼ਾਈ ਕਰ ਰਹੇ ਹਨ। ਹੁਣ ਸ਼ਹਿਰ ਦੇ ਪਾਰਕਾਂ ਵਿੱਚ ਸਫ਼ਾਈ ਦੀ ਘਾਟ ਨਹੀਂ ਦਿਖਾਈ ਦੇਵੇਗੀ ਅਤੇ ਲੋਕ ਰੋਜਾਨਾ ਇਸ ਪਾਰਕਾਂ ਵਿੱਚ ਸਵੇਰ ਦੀ ਸੈਰ ਆਦਿ ਦਾ ਆਨੰਦ ਸਾਫ਼ ਸੁਥਰੇ ਤਰੀਕੇ ਨਾਲ ਮਾਣ ਸਕਣਗੇ। ਇਸ ਫੈਸਲੇ ਦਾ ਸ਼ਹਿਰ ਦੀ ਆਮ ਜਨਤਾ, ਮਿਉਂਸਪਲ ਕੌਂਸਲਰਾਂ ਵੱਲੋਂ ਭਰਵਾਂ ਸੁਆਗਤ ਵੀ ਕੀਤਾ ਗਿਆ। ਇਸ ਨਾਲ ਪਾਰਕਾਂ ਦੇ ਸੁੰਦਰੀਕਰਨ ਵਿੱਚ ਤਾਂ ਵਾਧਾ ਹੋਇਆ ਹੀ ਹੈ ਨਾਲ ਹੀ 35 ਮਾਲੀਆਂ ਦੇ ਪਰਿਵਾਰਾਂ ਨੂੰ ਰੋਜ਼ਗਾਰ ਵੀ ਮੁਹੱਈਆ ਹੋਇਆ ਹੈ। ਇਸ ਤੋਂ ਇਲਾਵਾ ਰੇਲਵੇ ਰੋਡ ਅਤੇ ਚੈਂਬਰ ਰੋਡ ਦੇ ਸਾਹਮਣੇ ਸਥਿਤ ਕੂੜਾ ਕੁਲੈਕਸ਼ਨ ਸੈਕੰਡਰੀ ਪੁਆਇੰਟ ਨੂੰ ਸਾਫ਼ ਕਰਵਾ ਕੇ ਉੱਥੇ ਪਲਾਂਟੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਥਾਵਾਂ 'ਤੇ ਫਰਸ਼ ਲਗਵਾ ਕੇ ਵਧੀਆ ਤਰੀਕੇ ਨਾਲ ਤਿਆਰ ਕਰਵਾ ਦਿੱਤਾ ਗਿਆ ਹੈ। ਹੁਣ ਸਿਰਫ਼ ਥੋੜੇ ਦਿਨਾਂ ਵਿੱਚ ਹੀ ਸ਼ਹਿਰ ਦੇ ਸਾਰੇ 40 ਪਾਰਕਾਂ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾ ਦਿੱਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਇਸ ਪੁਆਇੰਟ ਤੇ ਨਗਰ ਨਿਗਮ ਵੱਲੋਂ ਪੇਟਿੰਗ ਵੀ ਕਰਵਾਈ ਜਾ ਰਹੀ ਹੈ। ਨਗਰ ਨਿਗਮ ਦੇ ਇਸ ਉਪਰਾਲੇ ਨਾਲ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਗੰਦਗੀ ਦੇ ਢੇਰਾਂ ਤੋ ਨਿਜਾਤ ਮਿਲੀ ਹੈ। ਇਸੇ ਤਰਜ ਤੇ ਸ਼ਹਿਰ ਦੇ ਦੂਸਰੇ ਸੈਕੰਡਰੀ ਪੁਆਇੰਟਾਂ ਨੂੰ ਵੀ ਸੁੰਦਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਨਗਰ ਨਿਗਮ ਮੋਗਾ ਦੇ ਕਮਿਸ਼ਨਰ ਮਿਸ ਪੂਨਮ ਦਾ ਕਹਿਣਾ ਹੈ ਕਿ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਅਤੇ ਕੂੜੇ ਕਰਕਟ ਦੇ ਯੋਗ ਨਿਪਟਾਰੇ ਲਈ ਹਰ ਯੋਗ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ। ਲੋਕਾਂ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਮਾਹੌਲ ਮੁਹੱਈਆ ਕਰਵਾਉਣਾ ਨਗਰ ਨਿਗਮ ਮੋਗਾ ਦਾ ਹਮੇਸ਼ਾ ਟੀਚਾ ਰਹੇਗਾ।