ਮੋਗਾ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਨੂੰ ਜਲਦੀ ਹੀ ਮਿਲੇਗੀ ਨਵੀਂ ਦਿੱਖ,ਨੈਰੋਲੈਕ ਪੇਂਟ ਕੰਪਨੀ ਵੱਲੋਂ ਸੀ ਐਸ ਆਰ ਤਹਿਤ ਕਰਵਾਇਆ ਜਾਵੇਗਾ ਪੇਂਟ ਅਤੇ ਗ੍ਰੈਫਿਟੀ
ਮੋਗਾ, 28 ਜੁਲਾਈ (ਜਸ਼ਨ) - ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਮੋਗਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਤਹਿਤ ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਅ ਨੂੰ ਨਵੀਂ ਦਿੱਖ ਦੇਣ ਦੀ ਜਿੰਮੇਵਾਰੀ ਕਾਂਸਾਈ ਨੈਰੋਲੈਕ ਪੇਂਟਸ ਕੰਪਨੀ ਨੇ ਆਪਣੇ ਸਿਰ ਲਈ ਹੈ। ਕੀਤਾ ਹੈ। ਕੰਪਨੀ ਨੇ ਪੂਰੇ ਪੁਲ ਨੂੰ ਸੁੰਦਰ ਬਣਾਉਣ ਲਈ ਅਤੇ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਸਹਿਮਤੀ ਦਿੱਤੀ ਹੈ। ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਸ੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਅਸਲ ਅਰਥਾਂ ਵਿੱਚ ਸੁੰਦਰ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਇਸ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਦਾ ਮੁੱਖ ਆਕਰਸ਼ਣ ਹੈ। ਉਨ੍ਹਾਂ ਕਿਹਾ ਕਿ ਗੋਇੰਦਵਾਲ ਸਾਹਿਬ ਸਥਿਤ ਕੰਪਨੀ ਕਾਂਸਾਈ ਨੈਰੋਲੈਕ ਪੇਂਟਸ ਲਿਮਟਿਡ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਗਤੀਵਿਧੀ ਤਹਿਤ ਇਸ ਪੁਲ ਨੂੰ ਨਵਾਂ ਰੂਪ ਦੇਣ ਲਈ ਸਹਿਮਤੀ ਦਿੱਤੀ ਹੈ। ਕਾਂਸਾਈ ਨੈਰੋਲੈਕ ਪੇਂਟਸ ਲਿਮਟਿਡ ਤੋਂ ਇਲਾਵਾ ਸੀਟੀ ਯੂਨੀਵਰਸਿਟੀ, ਦਰਸ਼ਨ ਸਿੰਘ ਕੰਪਲੈਕਸ ਅਤੇ ਮੈਕਰੋ ਗਲੋਬਲ ਨੇ ਵੀ ਸ਼ਹਿਰ ਦੇ ਹੋਰ ਪ੍ਰਮੁੱਖ ਖੇਤਰਾਂ ਜਿਵੇਂ ਗੀਤਾ ਭਵਨ, ਅਕਾਲਸਰ ਚੌਕ, ਬੁੱਘੀਪੁਰਾ ਚੌਕ, ਬੱਸ ਸਟੈਂਡ ਆਦਿ ਦੇ ਸੁੰਦਰੀਕਰਨ ਵਿੱਚ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਉਕਤ ਕੰਪਨੀਆਂ ਅਤੇ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਾਰਪੋਰੇਟ ਗਰੁੱਪਾਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਮੋਗਾ ਅਤੇ ਇਸ ਦੇ ਵਸਨੀਕਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ।
ਕਾਂਸਾਈ ਨੈਰੋਲੈਕ ਪੇਂਟਸ ਲਿਮਟਿਡ ਦੇ ਨੁਮਾਇੰਦਿਆਂ ਸ੍ਰੀ ਸੁਰੇਸ਼ ਵਰਮਾ ਅਤੇ ਸ੍ਰੀ ਰਾਜੀਵ ਬਾਂਸਲ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਕੁੱਲ 12 ਲੱਖ ਰੁਪਏ ਖਰਚ ਕੀਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚੋਂ ਲੰਘਦੇ ਸਮੁੱਚੇ ਪੁਲ ’ਤੇ ਪੇਂਟ ਅਤੇ ਗ੍ਰੈਫਿਟੀ ਦਾ ਕੰਮ ਕੀਤਾ ਜਾਵੇਗਾ। ਇਹ ਕੰਮ ਬਰਸਾਤ ਦੇ ਮੌਸਮ ਤੋਂ ਬਾਅਦ ਸ਼ੁਰੂ ਹੋ ਜਾਵੇਗਾ ਅਤੇ ਸ਼ੁਰੂ ਹੋਣ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰੈਫਿਟੀ ਦਾ ਕੰਮ ਪੇਸ਼ੇਵਰ ਕਲਾਕਾਰਾਂ ਵੱਲੋਂ ਕਰਵਾਇਆ ਜਾਵੇਗਾ।
ਮੀਟਿੰਗ ਤੋਂ ਬਾਅਦ ਕੰਪਨੀ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਉਨ੍ਹਾਂ ਖੇਤਰਾਂ ਦੀ ਸ਼ਨਾਖਤ ਕੀਤੀ ਜਿੱਥੇ ਕੰਮ ਕੀਤਾ ਜਾਣਾ ਹੈ।