ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 5 ਰੋਜ਼ਾ ਪੋਲਟਰੀ ਫਾਰਮਿੰਗ ਕਿੱਤਾਮੁੱਖ ਸਿਖਲਾਈ ਕੋਰਸ ਸਫ਼ਲਤਾਪੂਰਵਕ ਸੰਪੰਨ
ਮੋਗਾ, 24 ਜੁਲਾਈ (ਜਸ਼ਨ): : ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਿੱਚ ਸਹਾਇਕ ਧੰਦਿਆਂ ਦੀ ਟ੍ਰੇਨਿੰਗ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਸਵੈ ਰੋਜ਼ਗਾਰ ਸਥਾਪਿਤ ਕਰਵਾਉਣ ਵਿੱਚ ਮਦਦ ਕਰਵਾ ਰਿਹਾ ਹੈ। ਇਸੇ ਦੀ ਲੜੀ ਤਹਿਤ ਕੇਂਦਰ ਵਿਖੇ 5 ਰੋਜ਼ਾ ਪੋਲਟਰੀ ਫਾਰਮਿੰਗ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ 17 ਤੋਂ 21 ਜੁਲਾਈ ਤੱਕ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨ ਕਿਸਾਨਾਂ, ਕਿਸਾਨ ਬੀਬੀਆਂ ਆਦਿ ਨੇ ਸ਼ਿਰਕਤ ਕੀਤੀ।ਡਾ. ਅਮਨਦੀਪ ਸਿੰਘ ਬਰਾੜ ਵੱਲੋਂ ਨੌਜਵਾਨ ਕਿਸਾਨਾਂ ਅਤੇ ਬੀਬੀਆਂ ਨੂੰ ਕ੍ਰਿ਼ਸ਼ੀ ਵਿਗਿਆਨ ਕੇਂਦਰ ਮੋਗਾ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ਅਤੇ ਨਾਲ ਹੀ ਇਸ ਕਿੱਤੇ ਨਾਲ ਜੁੜਨ ਲਈ ਪ੍ਰੇਰਿਆ ਤਾਂ ਜੋ ਬੇਰੋਜ਼ਗਾਰ ਨੌਜਵਾਨਾਂ ਨੂੰ ਇਸ ਕਿੱਤੇ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ।
ਡਾ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਅਸਿਸਟੈਂਟ ਪ੍ਰੋਫੈਸਰ (ਐਨੀਮਲ ਸਾਇੰਸ) ਡਾ. ਪ੍ਰਭਜੋਤ ਕੌਰ ਸਿਧੂ ਵੱਲੋਂ ਮੁਰਗੀਆਂ ਵਿੱਚ ਨਸਲ ਸੁਧਾਰ ਅਤੇ ਉਨ੍ਹਾਂ ਦੀ ਸਾਂਭ ਸੰਭਾਲ, ਸ਼ੈੱਡਾਂ ਦੀ ਬਣਤਰ ਅਤੇ ਫੀਡਿੰਗ ਸਬੰਧੀ ਵੱਖ ਵੱਖ ਮਹੱਤਪੂਰਨ ਅਤੇ ਇਸ ਕਿੱਤੇ ਦੀ ਪ੍ਰਫੁੱਲਤਾ ਵਿੱਚ ਕੰਮ ਆਉਣ ਵਾਲੀ ਜਾਣਕਾਰੀ ਸਾਂਝੀ ਕੀਤੀ।
ਜ਼ਿਲ੍ਹਾ ਲੀਡ ਮੈਨੇਜਰ ਮੋਗਾ ਸਰਿਤਾ ਜੈਸਵਾਲ ਅਤੇ ਨਰੇਸ਼ ਕੁਮਾਰ ਵੱਲੋਂ ਬੈਕਾਂ ਜਰੀਏ ਲੋਨ ਅਤੇ ਬੀਮਾ ਪਾਲਿਸੀ ਸਹੂਲਤਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਮੱਛੀ ਪਾਲਣ ਵਿਭਾਗ ਮੋਗਾ ਵੱਲੋਂ ਡਾ. ਬਲਜੋਤ ਸਿੰਘ ਮਾਨ ਨੇ ਕਿਸਾਨਾਂ ਨੂੰ ਮੁਰਗੀਆਂ ਨਾਲ ਮੱਛੀ ਪਾਲਣ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਅਤੇ ਉਨ੍ਹਾਂ ਨੂੰ ਇਸ ਕਿੱਤੇ ਨਾਲ ਜੁੜਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਅਤੇ ਇਸ ਕਿੱਤੇ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਨਿਰਮਲ ਸਿੰਘ ਵੀ ਮੌਜੂਦ ਸਨ ਅਤੇ ਜਿੰਨ੍ਹਾਂ ਵੱਲੋਂ ਇਸ ਕਿੱਤੇ ਨਾਲ ਸਬੰਧਤ ਸਕੀਮਾਂ ਅਤੇ ਸਬਸਿਡੀਆਂ ਸਬੰਧੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।