ਜ਼ਿਲ੍ਹਾ ਪ੍ਰਸ਼ਾਸ਼ਨ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਨਹੀਂ ਆਉਣ ਦੇਵੇਗਾ ਝੋਨੇ ਦੀ ਪਨੀਰੀ ਦੀ ਕਿੱਲਤ-ਡਿਪਟੀ ਕਮਿਸ਼ਨਰ
+ਖੇਤੀਬਾੜੀ ਵਿਭਾਗ ਦੇ ਸੇਵਾਮੁਕਤ ਅਫ਼ਸਰ ਵੱਲੋਂ ਹੜ ਪ੍ਰਭਾਵਿਤ ਕਿਸਾਨਾਂ ਲਈ ਮੁਫ਼ਤ ਭੇਜੀ 15 ਏਕੜ ਰਕਬੇ ਦੀ ਝੋਨੇ ਦੀ ਪਨੀਰੀ
ਮੋਗਾ, 24 ਜੁਲਾਈ (ਜਸ਼ਨ):ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਝੋਨੇ ਦੀ ਪਨੀਰੀ ਦੀ ਥੁੜ ਨੂੰ ਪੁਰ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਕੰਮ ਲਈ ਆਮ ਕਿਸਾਨਾਂ, ਸਮਾਜ ਸੇਵੀ ਸੰਸਥਾਵਾਂ ਆਦਿ ਦਾ ਸਾਥ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਪਨੀਰੀ ਦੀ ਘਾਟ ਨੂੰ ਪੂਰਾ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਸਖਤ ਦਿਸ਼ਾ ਨਿਰੇਦਸ਼ ਜਾਰੀ ਕੀਤੇ ਹਨ ਤਾਂ ਕਿ ਕਿਸੇ ਵੀ ਕਿਸਾਨ ਨੂੰ ਪਨੀਰੀ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਜ਼ਿਲ੍ਹਾ ਮੋਗਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਕਿ ਬਲਾਕ ਬਾਘਾ ਪੁਰਾਣਾ ਦੇ ਸੇਵਾ ਮੁਕਤ ਖੇਤੀਬਾੜੀ ਅਫਸਰ ਡਾ. ਜਰਨੈਲ ਸਿੰਘ ਬਰਾੜ ਵੱਲੋਂ ਪਹਿਲ ਕਦਮੀ ਕਰਦਿਆਂ ਅੱਜ ਹੜ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਲਈ ਆਪਣੇ ਖੇਤ ਵਿੱਚ ਬੀਜੀ 15 ਏਕੜ ਰਕਬੇ ਲਈ ਝੋਨੇ ਦੀ ਪਨੀਰੀ ਮੁਫ਼ਤ ਵਿੱਚ ਪੱਟ ਕੇ ਕਿਸਾਨਾਂ ਨੂੰ ਭੇਜੀ ਗਈ।ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਡਾ. ਜਰਨੈਲ ਸਿੰਘ ਬਰਾੜ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।
ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਮੂਹ ਮੌਜੂਦਾ ਅਤੇ ਸੇਵਾ ਮੁਕਤ ਅਧਿਕਾਰੀ ਤੇ ਕਰਮਚਾਰੀ ਆਪਣਾ ਨੈਤਿਕ ਫਰਜ ਸਮਝਦੇ ਹੋਏ ਇਸ ਕੁਦਰਤੀ ਕਰੋਪੀ ਸਮੇਂ ਵੱਧ ਚੜ ਕੇ ਕਿਸਾਨਾਂ ਦੀ ਮਦਦ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਾਰਜ ਨਿਰੰਤਰ ਜਾਰੀ ਰਹਿਣਗੇ।
ਡਾ ਜਰਨੈਲ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਵੱਲੋਂ ਉਪਰੋਕਤ ਤੋਂ ਬਿਨ੍ਹਾਂ ਇਹ ਸੇਵਾ ਹੋਰਨਾ ਕਿਸਾਨਾਂ ਲਈ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਹੜਾਂ ਦੀ ਇਸ ਆਫ਼ਤ ਦੌਰਾਨ ਆਪਣੇ ਖੇਤ ਵਿੱਚ ਖੜੀ ਸਾਰੀ ਪਨੀਰੀ ਹੜ ਪ੍ਰਭਾਵਿਤ ਕਿਸਾਨਾਂ ਨੂੰ ਹੀ ਮੁਫ਼ਤ ਵਿੱਚ ਦੇਣਗੇ। ਇਸ ਸਮੇਂ ਬਲਾਕ ਬਾਘਾਪੁਰਾਣਾ ਦੇ ਖੇਤੀਬਾੜੀ ਅਫ਼ਸਰ ਡਾ ਨਵਦੀਪ ਸਿੰਘ ਜੌੜਾ, ਡਾ ਹਰਿੰਦਰ ਪਾਲ ਸ਼ਰਮਾ ਖੇਤੀ ਵਿਕਾਸ ਅਫ਼ਸਰ, ਜਸਵੀਰ ਸਿੰਘ ਤੇ ਹਰਵਿੰਦਰ ਸਿੰਘ ਦੋਨੋਂ ਏ.ਟੀ.ਐਮ. ਵੀ ਹਾਜ਼ਰ ਸਨ