ਸਮੈਕ ਨਾਲ ਫੜੇ ਗਏ ਐਸਓਆਈ ਦੇ ਜ਼ਿਲ੍ਹਾ ਪ੍ਰਧਾਨ ਤੇਜਬੀਰ ਸਿੰਘ ਗਿੱਲ ਦਾ ਸੁਖਬੀਰ ਬਾਦਲ ਤੇ ਮਜੀਠੀਆ ਨਾਲ ਸੰਬੰਧ- ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ, 23 ਜੁਲਾਈ (ਇੰਟਰਨੈਸ਼ਨਲ  ਪੰਜਾਬੀ  ਨਿਊਜ਼  ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸਓਆਈ) ਦੇ ਜ਼ਿਲ੍ਹਾ ਪ੍ਰਧਾਨ ਤੇਜਬੀਰ ਸਿੰਘ ਗਿੱਲ ਤੋਂ ਸਮੈਕ ਅਤੇ ਤਿੰਨ ਲੱਖ ਰੁਪਏ ਦੀ ਬਰਾਮਦਗੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅਕਾਲੀ ਦਲ 'ਤੇ ਤਿੱਖਾ ਹਮਲਾ ਕੀਤਾ ਹੈ। ਐਤਵਾਰ ਨੂੰ ਪਾਰਟੀ ਹੈੱਡਕੁਆਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੋਸ਼ ਲਾਇਆ ਕਿ ਤੇਜਬੀਰ ਸਿੰਘ ਗਿੱਲ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸਿੱਧੇ ਸਬੰਧ ਹਨ।  ਤੇਜਬੀਰ ਗਿੱਲ ਦੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਵੀ ਨੇੜਲੇ ਸੰਬੰਧ ਹਨ।ਇਸ ਤੋਂ ਇਲਾਵਾ ਗੈਂਗਸਟਰ ਘਨਸ਼ਿਆਮ ਪੁਡੀਆ ਨਾਲ ਵੀ ਉਸ ਦੇ ਸਬੰਧ ਹਨ। ਕੰਗ ਨੇ ਕਿਹਾ ਕਿ ‘ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ’ ਅਸਲ ਵਿੱਚ ‘ਸਮੈਕ ਆਰਗੇਨਾਈਜ਼ੇਸ਼ਨ ਆਫ਼ ਇੰਡੀਆ’ ਹੈ।  ਕੰਗ ਨੇ ਮੀਡੀਆ ਨੂੰ ਤੇਜਬੀਰ ਸਿੰਘ ਗਿੱਲ ਨਾਲ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਦੀਆਂ ਕਈ ਨਜ਼ਦੀਕੀਆਂ ਵੀ ਦਿਖਾਈਆਂ, ਜਿਸ ਵਿੱਚ ਦੋਵੇਂ ਆਗੂਆਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ।  ਕੰਗ ਨੇ ਕਿਹਾ ਕਿ ਇਹ ਤਸਵੀਰ ਸਾਬਤ ਕਰਦੀ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਤੇਜਬੀਰ ਸਿੰਘ ਗਿੱਲ ਨਾਲ ਡੂੰਘੇ ਸਬੰਧ ਹਨ।  ਇਹ ਤਸਵੀਰ ਇਹ ਵੀ ਸਾਬਤ ਕਰਦੀ ਹੈ ਕਿ ਅਕਾਲੀ ਦਲ ਦੇ ਆਗੂ ਨਸ਼ੇ ਦੇ ਸੌਦਾਗਰਾਂ ਦੀ ਖੁੱਲ੍ਹੇਆਮ ਸਰਪ੍ਰਸਤੀ ਕਰਦੇ ਹਨ। ਪਹਿਲਾਂ ਇਹ ਲੋਕ ਕਹਿੰਦੇ ਸਨ ਕਿ ਸਾਡੇ ਨਾਲ ਕੋਈ ਵੀ ਫ਼ੋਟੋ ਖਿਚਵਾ ਸਕਦਾ ਹੈ ਕਿਉਂਕਿ ਅਸੀਂ ਵੱਡੇ ਲੀਡਰ ਹਾਂ । ਪਰੰਤੂ ਇਸ ਵਾਰ ਇਹ ਬੋਲ ਕੇ ਬੱਚ ਨਹੀਂ ਸਕਦੇ । ਕੰਗ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਚੋਣਾਂ ਤੋਂ ਪਹਿਲਾਂ ਆਪਣੀ ਰੈਲੀਆਂ ਵਿੱਚ ਕਿਹਾ ਕਰਦੇ ਸਨ ਕਿ ਅਸੀਂ ਪੰਜਾਬ ਵਿਚੋਂ ਡਰੱਗਜ਼ ਮਾਫ਼ੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਹੈ ਅਤੇ  ਹੁਣ ਮਾਨ  ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਰੋਜ਼ਾਨਾ ਡਰੱਗਜ਼ ਤਸਕਰਾਂ ਉੱਤੇ ਕਾਰਵਾਈ ਕਰ ਰਹੀ ਹੈ । ਮਾਨ ਸਰਕਾਰ ਨੇ ਨਾ ਸਿਰਫ਼ ਰਾਜਨੀਤਿਕ ਲੋਕਾਂ ਨੂੰ ਫੜਿਆ ਸਗੋਂ ਰਾਜਜੀਤ ਸਿੰਘ ਵਰਗੇ ਡਰੱਗਜ਼ ਮਾਫ਼ੀਆ ਨਾਲ ਜੁੜੇ ਪੁਲਿਸ ਅਫ਼ਸਰਾਂ ਨੂੰ ਵੀ ਫੜਿਆ ਅਤੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ । ਜਦੋਂ ਕਿ ਉਨ੍ਹਾਂ ਅਫ਼ਸਰਾਂ ਨੂੰ ਅਕਾਲੀ - ਕਾਂਗਰਸ ਸਰਕਾਰਾਂ ਵਿੱਚ ਵੱਡੇ ਅਹੁਦੇ ਦਿੱਤੇ ਹੋਏ ਸਨ । ਹੁਣ ਮਾਨ ਸਰਕਾਰ ਇੱਕ - ਇੱਕ ਕਰਕੇ ਸਾਰੇ ਪਰਦੇ ਖੋਲ੍ਹ ਰਹੀ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਧਕੇਲਿਆ ਗਿਆ ਅਤੇ ਪੰਜਾਬ ਦੇ ਭਵਿੱਖ ਨੂੰ ਖ਼ਰਾਬ ਕਰਨ ਲਈ ਕਿਸ ਤਰੀਕੇ ਨਾਲ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਨੇ ਡਰੱਗਜ਼ ਮਾਫ਼ੀਆ ਨੂੰ ਸ਼ਹਿ ਦਿੱਤੀ। ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚੋਂ ਡਰੱਗਜ਼ ਮਾਫ਼ੀਆ ਨੂੰ ਖ਼ਤਮ ਕਰਨ ਨੂੰ ਲੈ ਕੇ ਪੂਰੀ ਤਰ੍ਹਾਂ  ਵਚਨਬੱਧ ਹਨ । ਕੋਈ ਵੀ ਡਰੱਗਜ਼ ਮਾਫ਼ੀਆ ਚਾਹੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਹਾ ਹੋਵੇ , ਬਖ਼ਸ਼ਿਆ ਨਹੀਂ ਜਾਵੇਗਾ ।